Dil Diyaan Gallan

Dil Diyaan Gallan Contact information, map and directions, contact form, opening hours, services, ratings, photos, videos and announcements from Dil Diyaan Gallan, Performance & Event Venue, Sydney.

29/12/2023

ਕਹਿੰਦੇ ਇਕ ਵਾਰ ਇਕ ਬਹੁਤ ਵੱਡੀ ਕੰਪਨੀ ਦੇ ਸਾਹਮਣੇ ਇਕ ਸਮੋਸੇ ਦੀ ਦੁਕਾਨ ਸੀ। ਕੰਪਨੀ ਦਾ ਸਟਾਫ ਅਕਸਰ ਓਥੇ ਸਮੋਸੇ ਖਾਣ ਜਾਇਆ ਕਰਦਾ ਸੀ। ਇਕ ਦਿਨ ਕੰਪਨੀ ਦਾ ਇਕ ਮੈਨੇਜਰ ਉਸ ਦੁਕਾਨ ਉਪਰ ਸਮੋਸੇ ਖਾਣ ਗਿਆ ਤਾਂ ਉਥੋਂ ਦੇ ਮਾਲਿਕ ਨੂੰ ਕਹਿਣ ਲੱਗਿਆ ਕਿ ਜੇ ਕਿਤੇ ਤੂੰ ਵੀ ਕੋਸ਼ਿਸ਼ ਕੀਤੀ ਹੁੰਦੀ ਕਿਤੇ ਨੌਕਰੀ ਕਰਨ ਦੀ ਤਾਂ ਸ਼ਾਇਦ ਅੱਜ ਨੂੰ ਮੇਰੇ ਵਾਂਗ ਮੈਨੇਜਰ ਲੱਗਿਆ ਹੋਣਾ ਸੀ। ਤੇ ਵਧੀਆ ਕਮਾਉਂਦਾ ਹੋਣਾ ਸੀ।

ਇਸ ਤੇ ਓਹ ਦੁਕਾਨ ਦਾ ਮਾਲਿਕ ਮੁਸਕੁਰਾ ਪਿਆ। ਕਹਿਣ ਲੱਗਿਆ ਮੈਨੇਜਰ ਸਾਹਿਬ ਜਦੋਂ ਤੁਸੀਂ ਇਸ ਕੰਪਨੀ ਵਿੱਚ ਨਵੇਂ-ਨਵੇਂ ਨੌਕਰੀ ਕਰਨ ਆਏ ਸੀ ਤਾਂ ਮੈਂ ਟੋਕਰੀ ਵਿੱਚ ਸਮੋਸੇ ਵੇਚਦਾ ਹੁੰਦਾ ਸੀ। ਓਦੋਂ ਮੈਂ 1000 ਰੁਪਈਆ ਕਮਾਉਂਦਾ ਸੀ ਅਤੇ ਤੁਸੀਂ 10,000 ਰੁਪਏ। ਅੱਜ ਪੰਦਰਾਂ ਸਾਲਾਂ ਬਾਅਦ ਤੁਸੀਂ ਸੂਪਰਵਾਈਜ਼ਰ ਤੋਂ ਮੈਨੇਜਰ ਬਣ ਗਏ ਹੋ ਅਤੇ ਮੈਂ ਇਹ ਦੁਕਾਨ ਪਾ ਲਈ ਹੈ। ਤੁਸੀਂ ਅੱਜ ਮਹੀਨਾ 50,000 ਕਮਾ ਰਹੇ ਹੋ ਅਤੇ ਮੈਂ! ਮੈਂ ਲੱਖ ਰੁਪਈਆ ਛਾਪਦਾ ਹਾਂ।

ਪਰ ਮੈਂ ਤੁਹਾਨੂੰ ਸਿਰਫ ਪੈਸੇ ਕਰਕੇ ਹੀ ਇਹ ਗੱਲ ਨਹੀਂ ਸੁਣਾ ਰਿਹਾ ਮੈਨੇਜਰ ਸਾਹਿਬ! ਮੈਂ ਤਾਂ ਇਹ ਗੱਲ ਤੁਹਾਨੂੰ ਆਪਣੇ ਬੱਚਿਆਂ ਕਰਕੇ ਸੁਣਾ ਰਿਹਾ ਹਾਂ।

ਮੈਂ ਜੋ ਪੰਦਰਾਂ ਸਾਲਾਂ ਵਿੱਚ ਕਮਾਈ ਕੀਤੀ ਓਹ ਮੇਰੇ ਬੱਚਿਆਂ ਦੇ ਕੰਮ ਆਏਗੀ। ਇਹ ਅੱਡਾ ਬਣਾਇਆ ਅਤੇ ਹੁੱਣ ਓਹ ਇਸੇ ਅੱਡੇ ਤੋਂ ਇੱਥੋਂ ਹੀ ਹੋਰ ਅੱਗੇ ਲੈ ਕੇ ਜਾ ਸਕਣਗੇ!

ਤੇ ਤੁਹਾਡੇ ਬੱਚੇ ਭਾਵੇਂ ਜਿੱਥੇ ਵੀ ਨੌਕਰੀ ਕਰਨ ਜਾਣ! ਓਨਾ ਨੂੰ ਸ਼ੁਰੂਆਤ ਤੁਹਾਡੀ ਤਰਾਂ ਜ਼ੀਰੋ ਤੋਂ ਹੀ ਕਰਨੀ ਪਵੇਗੀ। ਜਿਵੇਂ ਤੁਸੀਂ ਪੰਦਰਾਂ ਸਾਲ ਪਹਿਲਾਂ ਕੀਤੀ ਸੀ।

ਜੋ ਮੈਂ ਮਿਹਨਤ ਕੀਤੀ ਓਹ ਮੇਰੇ ਬੱਚਿਆਂ ਦੇ ਕੰਮ ਆਏਗੀ। ਤੇ ਜੋ ਤੁਸੀਂ ਮਿਹਨਤ ਕੀਤੀ ਓਹ ਤੁਹਾਡੇ ਮਾਲਿਕ ਦੇ ਬੱਚਿਆਂ ਕੰਮ ਆਈ।

ਇਸ ਲਈ ਕਹਿੰਦੇ ਹਨ ਕਿ ਵੱਡਾ ਨੌਕਰ ਬਣਨ ਦੀ ਬਜਾਏ!! ਛੋਟੇ ਮਾਲਿਕ ਬਣ ਜਾਓ! ਇਸੇ ਚ ਹੀ ਭਲਾਈ ਹੁੰਦੀ ਹੈ!!

13/12/2023

ਇੱਕ ਆਦਮੀ ਇੱਕ ਕੁੱਕੜ ਖਰੀਦ ਕੇ ਲਿਆਇਆ ਅਤੇ ਇੱਕ ਦਿਨ ਉਸ ਨੇ ਕੁੱਕੜ ਨੂੰ ਮਾਰਨਾ ਚਾਹਿਆ ਤਾਂ ਉਸ ਨੇ ਕੁੱਕੜ ਨੂੰ ਮਾਰਨ ਦਾ ਬਹਾਨਾ ਸੋਚਿਆ ਅਤੇ ਕੁੱਕੜ ਨੂੰ ਕਿਹਾ, "ਤੂੰ ਕੱਲ੍ਹ ਤੋਂ ਬਾਂਗ ਨਹੀਂ ਦੇਣੀ, ਨਹੀਂ ਤਾਂ ਮੈਂ ਤੈਨੂੰ ਮਾਰ ਦਿਆਂਗਾ।"

ਕੁੱਕੜ ਨੇ ਕਿਹਾ, "ਠੀਕ ਹੈ, ਜਨਾਬ, ਤੁਸੀਂ ਜੋ ਚਾਹੋਗੇ, ਹੋ ਜਾਵੇਗਾ!"

ਸਵੇਰੇ, ਜਿਵੇਂ ਹੀ ਕੁੱਕੜ ਦੇ ਬਾਂਗ ਦੇਣ ਦਾ ਸਮਾਂ ਹੋਇਆ, ਮਾਲਕ ਨੇ ਦੇਖਿਆ ਕਿ ਕੁੱਕੜ ਬਾਂਗ ਨਹੀਂ ਦੇ ਰਿਹਾ ਸੀ, ਸਗੋਂ ਆਪਣੇ ਖੰਭ ਫੜਫੜਾ ਰਿਹਾ ਸੀ, ਜਿਵੇਂ ਕਿ ਆਮ ਤੌਰ 'ਤੇ ਹੁੰਦਾ ਹੀ ਹੈ।

ਮਾਲਕ ਨੇ ਅਗਲਾ ਹੁਕਮ ਜਾਰੀ ਕੀਤਾ ਕਿ ਕੱਲ੍ਹ ਤੋਂ ਤੁਸੀਂ ਆਪਣੇ ਖੰਭ ਵੀ ਨਾ ਫੜ੍ਹਫੜਾਈਂ, ਨਹੀਂ ਤਾਂ ਮੈਂ ਤੈਨੂੰ ਮਾਰ ਦਿਆਂਗਾ।

ਅਗਲੀ ਸਵੇਰ, ਬਾਂਗ ਦੇ ਸਮੇਂ, ਕੁੱਕੜ ਨੇ ਆਗਿਆਕਾਰੀ ਹੋਕੇ ਆਪਣੇ ਖੰਭ ਨਹੀਂ ਫ਼ੜਫੜ੍ਹਾਏ, ਪਰ ਆਦਤ ਤੋਂ ਮਜਬੂਰ ਹੋ ਕੇ, ਆਪਣੀ ਗਰਦਨ ਨੂੰ ਉੱਚਾ ਕੀਤਾ।

ਮਾਲਕ ਪਰੇਸ਼ਾਨ ਹੋ ਗਿਆ ਅਤੇ ਅਗਲਾ ਹੁਕਮ ਜਾਰੀ ਕਰ ਦਿੱਤਾ ਕਿ ਕੱਲ੍ਹ ਤੋਂ ਗਰਦਨ ਨਾ ਹਿੱਲਾਈ ਜਾਵੇ। ਅਗਲੇ ਦਿਨ ਕੁੱਕੜ ਕੁਕੜੀ ਵਾਂਗ ਚੁੱਪ ਰਿਹਾ ਅਤੇ ਕੁਝ ਵੀ ਨਾ ਕੀਤਾ।

ਮਾਲਕ ਨੇ ਸੋਚਿਆ ਕਿ ਇਹ ਸੰਭਵ ਨਹੀਂ ਹੈ, ਇਸ ਵਾਰ ਮਾਲਕ ਨੇ ਵੀ ਕੁਝ ਅਜਿਹਾ ਸੋਚਿਆ ਜੋ ਅਸਲ ਵਿੱਚ ਕੁੱਕੜ ਲਈ ਅਸੰਭਵ ਸੀ।

ਮਾਲਕ ਨੇ ਕਿਹਾ ਕਿ ਕੱਲ੍ਹ ਤੋਂ ਤੈਨੂੰ ਅੰਡੇ ਦੇਣੇ ਪੈਣਗੇ ਨਹੀਂ ਤਾਂ ਮੈਂ ਤੈਨੂੰ ਮਾਰ ਦਿਆਂਗਾ।

ਹੁਣ ਕੁੱਕੜ ਨੂੰ ਆਪਣੀ ਮੌਤ ਸਾਫ਼ ਦਿਖਾਈ ਦੇਣ ਲੱਗੀ ਅਤੇ ਉਹ ਬਹੁਤ ਰੋਇਆ।

ਮਾਲਕ ਨੇ ਪੁੱਛਿਆ, "ਕੀ ਗੱਲ ਹੈ, ਕੀ ਤੁਸੀਂ ਮੌਤ ਦੇ ਡਰ ਕਾਰਨ ਰੋ ਰਿਹਾ ਹੈਂ?"

ਕੁੱਕੜ ਦਾ ਜਵਾਬ ਬਹੁਤ ਸੋਹਣਾ ਤੇ ਅਰਥ ਭਰਪੂਰ ਸੀ।

ਕੁੱਕੜ ਕਹਿਣ ਲੱਗਾ: "ਨਹੀਂ, ਮੈਂ ਰੋ ਰਿਹਾ ਹਾਂ ਕਿਉਂਕਿ ਆਂਡੇ ਨਾ ਦੇਣ ਲਈ ਮਰਨ ਨਾਲੋਂ ਤਾਂ ਬਾਂਗ ਮਾਰ ਕੇ ਮਰਨਾ ਚੰਗਾ ਸੀ... ਬਾਂਗ ਦੇਣਾ ਸੀ। ਮੈਂ ਆਪਣੀ ਪਛਾਣ ਤੇ ਪਹਿਚਾਣ, ਸਭ ਕੁਝ ਤਿਆਗ ਦਿੱਤਾ ਹੈ ਅਤੇ ਤੁਹਾਡੀ ਹਰ ਗੱਲ ਮੰਨ ਲਈ ਹੈ, ਪਰ ਜੇ ਕੋਈ ਜਿਸਦਾ ਇਰਾਦਾ ਹੀ ਮਾਰਨਾ ਹੈ, ਤਾਂ ਜ਼ਿੰਦਗੀ ਸਿਰਫ ਲੜ ਕੇ ਬਚਾਈ ਜਾ ਸਕਦੀ ਹੈ ਨਾ ਕਿ ਸਮਰਪਣ ਕਰਕੇ, ਜੋ ਮੈਂ ਨਹੀਂ ਕਰ ਸਕਿਆ ..."

(ਜਿਸਨੇ ਤੁਹਾਡੇ ਨਾਲ ਜੋ ਕਰਨਾ ਹੈ ਉਹ ਕਿਸੇ ਨਾ ਕਿਸੇ ਬਹਾਨੇ ਕਸਰ ਕੱਢ ਲੈਣਗੇ, ਇਸ ਲਈ ਬਚਾਅ ਕਰਕੇ ਰੱਖੋ। )

18/10/2023

ਕਹਾਣੀ
ਬਾਹਰਲੇ ਮੁਲਕਾਂ ਦਾ ਕੌੜਾ ਸੱਚ
(ਜਿਸ ਨੂੰ ਮੰਨਣ ਲਈ ਕੋਈ ਤਿਆਰ ਨਹੀਂ)
ਅੱਜ ਮਾਂ ਬੜੀ ਖੁਸ਼ ਸੀ ਉਸ ਦੀ ਬੇਟੀ ਦਾ ਕੈਨੇਡਾ ਦਾ ਵੀਜ਼ਾ ਆ ਗਿਆ ਸੀ ਰਿਸ਼ਤੇਦਾਰ ਤੇ ਆਂਡ ਗੁਆਂਢ ਤੋਂ ਵਧਾਈਆਂ ਮਿਲ ਰਹੀਆਂ ਸਨ ਮਾਂ ਨੂੰ ਲੱਗਿਆ ਜਿਵੇਂ ਉਸ ਦੀ ਬੇਟੀ ਨੇ ਕੋਈ ਵੱਡੀ ਜੰਗ ਜਿੱਤ ਲਈ ਹੋਵੇ ਉਸ ਦੇ ਕੁੱਝ ਬਾਹਰ ਗਏ ਹੋਏ ਰਿਸ਼ਤੇਦਾਰਾਂ ਵਿੱਚੋ ਸੰਧੂ ਪਰਿਵਾਰ ਨੇ ਉਸ ਨੂੰ ਸਲਾਹ ਦਿੱਤੀ ਤੁਹਾਡੀ ਬੇਟੀ ਨੇ ਅਜੇ 12 ਵੀ ਕੀਤੀ ਹੈ ਇਸਦੀ ਉਮਰ ਛੋਟੀ ਹੈ
ਤੁਸੀਂ ਇਸ ਨੂੰ ਅੱਗੇ ਹੋਰ ਕੋਈ ਡਿਪਲੋਮਾ ਜਾ ਡਿਗਰੀ (ਨਰਸਿੰਗ,law, cooking ect, )ਕਰਵਾ ਕੇ ਭੇਜੋ ਉਦੋਂ ਤੱਕ ਇਸਨੂੰ ਦੁਨੀਆਦਾਰੀ ਦੀ ਵੀ ਸਮਝ ਆ ਜਾਵੇਗੀ ਬਾਹਰਲੇ ਮੁਲਕਾਂ ਵਿਚ ਜ਼ਿੰਦਗੀ ਜਿਉਣੀ ਬੜੀ ਔਖੀ ਹੈ ਖਾਸ ਕਰਕੇ ਉਦੋਂ ਜਦੋਂ ਬੱਚੇ ਛੋਟੀ ਉਮਰ ਵਿੱਚ ਇਥੇ ਆਉਂਦੇ ਨੇ, ਉਹਨਾਂ ਨੂੰ ਆਪਣੀ ਪੜ੍ਹਾਈ ਦਾ ਫ਼ਿਕਰ, ਕੰਮ ਦੀ ਫ਼ਿਕਰ, ਫੀਸ ਦੀ ਫ਼ਿਕਰ, ਰਹਿਣ ਦੀ ਫ਼ਿਕਰ, ਤੇ 80 % ਨੂੰ ਪਿੱਛੇ ਪੈਸੇ ਵਾਪਸ ਭੇਜਣ ਦੀ ਫ਼ਿਕਰ ਐਨੇ ਫ਼ਿਕਰਾਂ ਵਿੱਚ ਬੱਚੇ ਇੱਥੇ ਗਲਤ ਪਾਸੇ ਮੁੜ ਜਾਂਦੇ ਨੇ ਤੁਸੀ ਬੇਟੀ ਨੂੰ ਬਾਹਰ ਭੇਜਣ ਦੇ ਫੈਸਲੇ ਤੇ ਮੁੜ ਸੋਚ ਵਿਚਾਰ ਕਰੋ ਬਾਕੀ ਤੁਹਾਡੀ ਮਰਜ਼ੀ।
ਮਾਂ ਨੂੰ ਇਹ ਗੱਲ ਸੁਣ ਕੇ ਬੜਾ ਗੁੱਸਾ ਆਇਆਂ ਜੇਕਰ ਇਹ ਆਪ ਐਨੇ ਔਖੇ ਨੇ ਤਾਂ ਵਾਪਸ ਪੰਜਾਬ ਕਿਉ ਨੀ ਆ ਜਾਂਦੇ
ਮਾਂ ਨੇ ਆਪਣੀ ਬੇਟੀ ਨੂੰ ਬਾਹਰ ਕਨੇਡਾ ਭੇਜ ਦਿੱਤਾ ਸਮਾਂ ਬੀਤਦਾ ਗਿਆ 7 ਸਾਲਾਂ ਪਿੱਛੋਂ ਬੇਟੀ ਪੀ ਆਰ ਹੋ ਗਈ ਤੇ ਮਾਂ ਨੂੰ ਬਾਹਰ ਬੇਟੀ ਕੋਲ ਜਾਣ ਦਾ ਮੌਕਾ ਮਿਲਿਆ ਮਾਂ ਬੜੀ ਖੁਸ਼ ਸੀ ਪਿਛਲੇ 7 ਸਾਲਾਂ ਵਿੱਚ ਇੱਕ ਸਵਰਗ ਮੁਲਕ ਦੀ ਤਸਵੀਰ ਬੇਟੀ ਨੇ ਮਾਂ ਨੂੰ ਦਿਖਾਈ ਸੀ ਅੱਜ ਜਹਾਜ ਵਿੱਚ ਬੈਠਿਆਂ ਉਹ ਸਾਰੀ ਅੱਖਾਂ ਅੱਗੇ ਗੁੰਮ ਰਹੀ ਸੀ
ਮਾਂ ਨੇ ਬੇਗਾਨੇ ਮੁਲਕ ਦੀ ਜਮੀਨ ਤੇ ਪੈਰ ਰੱਖਿਆ ਇੱਕ ਉਪਰਾਂਪਣ ਲੱਗਿਆਂ ਤੇ ਸਾਫ਼ ਸਫ਼ਾਈ ਨੇ ਉਸ ਦਾ ਧਿਆਨ ਸਵਰਗ ਵੱਲ ਮੋੜ ਦਿੱਤਾ ਮਾਵਾਂ ਧੀਆਂ ਗੱਲਾਂ ਕਰਦੀਆਂ ਘਰ ਪਹੁੰਚ ਗਈਆਂ
ਕੁੱਝ ਦਿਨ ਮਾਂ ਘਰ ਵਿਚ ਰਹੀ ਤੇ ਬੇਟੀ ਨੇ ਉਸ ਨੂੰ ਬੇਗਾਨੇ ਮੁਲਕ ਦੀਆਂ ਕੁਝ ਖਾਸ ਜਗ੍ਹਾ ਦੇ ਦਰਸ਼ਨ ਕਰਵਾਏ ਇਕ ਦਿਨ ਮਾਂ ਆਖਣ ਲੱਗੀ ਪੁੱਤ ਸਾਰਾ ਦਿਨ ਵਿਹਲੇ ਬੈਠੇ ਮੇਰਾ ਦਿਨ ਨਹੀ ਲੰਗਦਾਂ ਮੈਨੂੰ ਵੀ ਕੋਈ ਛੋਟਾ ਮੋਟਾ ਕੰਮ ਲੱਭ ਦੇ। ਮਾਂ ਦੇ ਕਹਿਣ ਤੇ ਬੇਟੀ ਮੰਨ ਗਈ ਤੇ ਆਖਣ ਲੱਗੀ ਮਾਂ ਇੱਥੇ ਕੰਮ ਕਰਨੇ ਸੌਖੇ ਨਹੀ ਜ਼ਿੰਦਗੀ ਨਾਲ਼ ਬੜੇ ਸਮਝੌਤੇ ਕਰਨੇ ਪੈਂਦੇ ਨੇ ਮੈ ਇਕ ਸ਼ਰਤ ਤੇ ਤੁਹਾਨੂੰ ਕੰਮ ਤੇ ਨਾਲ਼ ਲਿਜਾ ਸਕਦੀ ਹਾਂ ਕਿ ਇੱਕ ਤੁਸੀਂ ਕਿਸੇ ਨੂੰ ਇਹ ਨਹੀ ਦੱਸਣਾ ਕੀ ਮੈ ਇਥੇ ਕੀ ਕੰਮ ਕਰਦੀ ਹਾਂ ਤੇ ਮੈਨੂੰ ਕਿੰਨਾ ਪੈਸਾ ਸਾਨੂੰ ਬਣਦਾ ਹੈ।
ਮਾਂ ਅੰਦਰੋ ਅੰਦਰੀ ਹੈਰਾਨ ਸੀ ਕੀ ਬੇਟੀ ਨੇ ਇਹ ਸ਼ਰਤ ਕਿਉ ਰੱਖੀ ਪਿਛਲੇ 7 ਸਾਲਾਂ ਤੋਂ ਤਾਂ ਇਹ ਕਹਿ ਰਹੀ ਸੀ ਕੀ ਮੈਨੂੰ ਇੱਕ ਬੈਂਕ ਵਿੱਚ ਕੈਸ਼ੀਅਰ ਦੀ ਨੌ ਕਰੀ ਮਿਲੀ ਹੋਈ ਹੈ ਚਲੋ ਦੇਖਦੇ ਹਾਂ ਮਾਂ ਨੇ ਸ਼ਰਤ ਤੇ ਸਹਿਮਤੀ ਦਿੱਤੀ ਤੇ ਹਾਂ ਵਿੱਚ ਸਿਰ ਹਿਲਾ ਦਿੱਤਾ
ਅਗਲੇ ਦਿਨ ਸਵੇਰੇ ਜਲਦੀ 2 ਵਜੇ ਹੀ ਤਿਆਰ ਹੋ ਕੇ ਮਾਵਾਂ ਧੀਆਂ ਇਕ ਡਿਸਕੋ ਕਲੱਬ ਵਿੱਚ ਪਹੁੰਚ ਗਈਆਂ
ਮਾਂ ਧੀ ਨੂੰ ਪੁੱਛ ਰਹੀ ਸੀ ਪੁੱਤ ਇੱਥੇ ਤਾਂ ਬੜਾ ਰੌਲਾ ਰੱਪਾ ਤੇ ਸ਼ਰਾਬੀ ਕਬਾਬੀ ਬੰਦੇ ਅੱਧੋ ਵੱਧ ਨੰਗੇ ਤੁਰੇ ਫਿਰਦੇ ਨੇ। ਐਨੇ ਕੁ ਕੱਪੜੇ ਪਾਹ ਕੇ ਤਾਂ ਆਪਣੇ ਘਰਾਂ ਵਿਚ ਬੰਦੇ ਬਾਥਰੂਮ ਨਹਾਉਣ ਜਾਂਦੇ ਨੇ। ਤੇ ਆਹ ਕੁੜੀਆਂ ਵੇਖ ਲੋ ਕਿਵੇਂ ਜੱਫੀਆਂ ਪਾਂ ਪਾਂ ਕਾਲੇ ਗੋਰਿਆਂ ਨਾਲ ਮੂੰਹ ਨਾਲ਼ ਜੋੜ ਇਓ ਝੁਮੀ ਜਾਂਦੀਆਂ ਜਿਵੇਂ ਸਾਧਾਂ ਦੇ ਡੇਰਿਆਂ ਤੇ ਕਸਰ ਮਸਰ ਵਾਲੇ ਲੋਕ ਝੂਮਦੇ ਨੇ।
ਪੁੱਤ ਮੇਰਾ ਤਾਂ ਇਥੇ ਜੀ ਕਾਹਲਾ ਪੈਂਦਾ ਆਪਾ ਇੱਥੇ ਰੁੱਕ ਕੇ ਕਿ ਕਰਨਾ ਆਪਾ ਆਪਣੇ ਕੰਮ ਤੇ ਚਲੀਏ ਕਿੱਤੇ ਲੇਟ ਨਾਂ ਹੋ ਜਾਈਏ
ਮਾਂ ਦੀਆਂ ਗੱਲਾਂ ਸੁਣ ਧੀ ਦੀਆਂ ਧਾਹਾਂ ਨਿਕਲ਼ ਗਈਆਂ ਤੇ ਮਾਂ ਦੇ ਗਲ ਲੱਗ ਕੇ ਭੁੱਬਾਂ ਮਾਰ ਕੇ ਰੋਣ ਲੱਗ ਪਈ ਮਾਂ ਉਸ ਨੂੰ ਚੁੱਪ ਕਰਾ ਰਹੀ ਸੀ ਪਰ ਧੀ ਹਟਕੋਰੇ ਲੈ ਲੈਂ ਰੋਂਦੀ ਹੋਈ ਆਖ ਰਹੀ ਸੀ ਮਾਂ ਪਿਛਲੇ 7 ਸਾਲਾਂ ਤੋਂ ਮੇਰੀਆਂ ਅੱਖਾਂ ਰੋਣ ਲਈ ਤਰਸ ਰਹੀਆਂ ਸਨ ਮੇਰੇ ਅੰਦਰ ਭਰਿਆ ਸਮੁੰਦਰਾ ਤੋਂ ਵੱਧ ਗ਼ਮਾਂ ਦਾ ਪਾਣੀ ਅੱਜ ਨਿਕਲ ਜਾਣ ਦੇ ਮੈਨੂੰ ਰੱਜ ਕੇ ਰੋ ਲੈਣ ਦੇ।
ਮੈਨੂੰ ਕਿਸੇ ਬੈਂਕ ਵਿੱਚ ਨੌਕਰੀ ਨਹੀਂ ਮਿਲੀ ਇੰਡੀਆਂ ਤੋਂ ਆਉਂਦੇ ਸਾਰ ਹੀ ਦੁੱਖਾਂ ਦੇ ਪਹਾੜ ਤੇਰੀ ਲਾਡਲੀ ਦੇ ਸਿਰ ਤੇ ਡਿੱਗ ਪਿਆ ਸੀ। ਦੋ ਦੋ ਦਿਨ ਭੁੱਖੇ ਬੇਸਮੈਂਟ ਵਿੱਚ ਰਹਿ ਕੇ ਡਬਲ ਡਬਲ ਸ਼ਿਫਟਾਂ ਤੇ ਕੰਮ ਕਰਕੇ ਵੀ ਗੁਜਾਰਾ ਨਾਂ ਹੋਣ ਕਰਕੇ ਮੈਨੂੰ ਮੇਰੀ ਮਜਬੂਰੀ ਤੇ ਪਿੱਛੇ ਬਾਪੂ ਦੇ ਘਰ ਦੀ ਗਰੀਬੀ ਤੇ ਭਰਾ ਦੇ ਸਿਰ ਪਾਂ ਕੇ ਆਈਂ ਕਰਜੇ ਦੇ ਬੋਝ ਨੇ ਮੈਨੂੰ ਇਸ ਡਿਸਕੋ ਕਲੱਬ ਵਿੱਚ ਧਕੇਲ ਦਿੱਤਾ ਸੀ
ਕਾਫੀ ਸਮੇਂ ਦੇ ਪਿੱਛੋਂ ਹੰਝੂਆਂ ਤੇ ਹੌਕਿਆਂ ਦਾ ਇਹ ਹੜ ਰੁਕਿਆ ਤੇ ਧੀ ਆਪਣੇ ਆਪ ਨੂੰ ਪਹਿਲਾਂ ਨਾਲੋ ਕਾਫੀ ਹਲਕਾ ਮਹਿਸੂਸ ਕਰ ਰਹੀ ਸੀ ਪਰ ਮਾਂ ਇਹ ਮਹਿਸੂਸ ਕਰ ਰਹੀ ਸੀ ਕੀ ਧੀ ਨੀ ਅੱਜ ਆਪਣੇ ਸਿਰ ਦਾ ਸਾਰਾ ਬੋਝ ਓਸ ਦੇ ਸਿਰ ਤੇ ਰੱਖ ਦਿੱਤਾ ਸੀ ਤੇ ਫਿਰ ਪਤਾ ਹੀ ਨੀ ਲੱਗਿਆ ਕਦੋਂ ਦੋਵੇਂ ਮਾਵਾਂ ਧੀਆਂ ਡਿਸਕੋ ਕਲੱਬ ਦੀ ਸਫਾਈ ਵਿਚ ਲੱਗ ਗਈਆਂ। ਟੁੱਟੀਆਂ ਹੋਈਆਂ ਬੋਤਲਾਂ, ਟਿਸ਼ੂ ਪੇਪਰ, ਟੁੱਟੇ ਹੋਏ ਗਿਲਾਸ ਤੇ ਡਾਲਰ ਇਕੱਠੇ ਕਰਨਾ ਇਹਨਾਂ ਦੀ ਨੌਕਰੀ ਸੀ ਇੱਥੇ ਕਲੱਬ ਦੀ ਸਫਾਈ ਕਰਵਾਉਣ ਦੀ ਕੋਈ ਤਨਖਾਹ ਨਹੀਂ ਸੀ ਮਿਲਦੀ ਬੱਸ ਖਿਲਰੇ ਹੋਏ ਡਾਲਰ ਜਿੰਨੇ ਤੁਸੀਂ ਖਿਲਾਰੇ ਵਿੱਚੋ ਇਕੱਠੇ ਕਰ ਲਏ ਓਹੀ ਤੁਹਾਡੀ ਤਨਖਾਹ ਸੀ ਧੀ ਭੱਜ ਭੱਜ ਜਲਦੀ ਜਲਦੀ ਡਾਲਰ ਪਹਿਲਾਂ ਚੱਕ ਰਹੀ ਸੀ ਤੇ ਬਾਕੀ ਸਮਾਨ ਬਾਅਦ ਵਿਚ ਪਰ ਵਿਚ ਦੀ ਕੁਝ ਸਮਾਂ ਪਤਾ ਨੀ ਕਿੱਥੇ ਗਾਇਬ ਹੀ ਹੋ ਜਾਂਦੀ ਸੀ ਮਾਂ ਇਹ ਕੰਮ ਮਨ ਮਰ ਕੇ ਕਰ ਰਹੀ ਸੀ ਤੇ ਕਈ ਵਾਰ ਟੁੱਟਿਆਂ ਹੋਇਆ ਕੱਚ ਓਸ ਦੇ ਹੱਥ ਵਿਚ ਵੀ ਵੱਜ ਗਿਆ ਸੀ ਖੂਨ ਨੂੰ ਰੋਕਣ ਲਈ ਉਸ ਨੇ ਕਈ ਵਾਰ ਡਾਲਰ ਨੂੰ ਪਾੜ ਕੇ ਕਾਗਜ਼ ਦੀ ਤਰਾਂ ਵਰਤ ਲਿਆ ਸੀ ਕਿਉਕਿ ਉਸ ਦੀ ਨਿਗ੍ਹਾ ਵਿੱਚ ਹੁਣ ਡਾਲਰ ਦੀ ਕੀਮਤ ਇਕ ਰੱਦੀ ਹੋਏ ਕਾਗ਼ਜ ਦੇ ਟੁਕੜੇ ਤੋ ਵੀ ਘੱਟ ਸੀ
ਸਵੇਰ ਦੇ 6 ਵਜੇ ਤੇ ਪਾਰਟੀ ਖਤਮ ਕਰਕੇ ਸਾਰੇ ਆਪੋ ਆਪਣੇ ਘਰ ਜਾ ਰਹੇ ਸਨ ਮਾਂ ਕਲੱਬ ਦੀ ਫ਼ਰਸ਼ ਤੇ ਇਕ ਨੁੱਕਰ ਵਿੱਚ ਕੰਧ ਨਾਲ ਬੈਠੀ ਆਪ ਵੀ ਕੰਧ ਬਣ ਗਈ ਸੀ ਸੋਚ ਰਹੀ ਸੀ ਪੰਜਾਬ ਦਾ ਮਾਹੌਲ ਖਰਾਬ ਹੈ ਇਸ ਕਰਕੇ ਧੀ ਨੂੰ ਇੱਥੇ ਭੇਜਿਆ ਸੀ ਪਰ ਇੱਥੇ ਤਾਂ ਆਵਾ ਹੀ ਊਤਿਆ ਪਿਆ ਹੈ
ਪਿੰਡਾ ਵਿੱਚ ਸਾਡੇ ਘਰਾਂ ਵਿਚ ਲੱਗੇ ਸੀਰੀ ਬੰਦੇ ਹੀ ਜਵਾਕਾ ਦੇ ਚਾਚੇ ਤਾਏ ਹੁੰਦੇ ਨੇ, ਸ਼ਰੀਕਾਂ ਕਬੀਲਾ ਦੁੱਖ ਸੁੱਖ ਵਿੱਚ ਨਾਲ ਹੁੰਦਾ। ਅਣਜਾਣੇ ਵਿੱਚ ਜੇਕਰ ਕੋਈ ਧੀ ਪੁੱਤ ਗਲਤੀ ਕਰਦਾ ਵੀ ਹੈ ਤਾਂ ਮਾਂ ਪਿਉ ਨੂੰ ਝੱਟ ਖਬਰ ਮਿਲਦੀ ਹੈ ਤੇ ਸਮਝਾ ਕੇ ਬੱਚਿਆ ਨੂੰ ਸਿੱਧੇ ਰਾਹ ਪਾਇਆ ਜਾਂਦਾ ਹੈ ਪਰ ਇੱਥੇ ਤਾਂ ਕੋਈ ਰੋਕ ਟੋਕ ਹੀ ਨਹੀ ਲੋੜ ਤੋਂ ਵੱਧ ਦਿੱਤੀ ਅਜਾਦੀ ਦਾ ਦੈਂਤ ਮੇਰੀ ਧੀ ਨੂੰ ਨਿਗਲ ਗਿਆ ਤੇ ਹੋਰ ਪਤਾਂ ਨੀ ਕਿੰਨੇ ਘਰਾਂ ਦੇ ਚਿਰਾਗ ਇਸ ਨੇ ਬੂਝਾ ਦਿੱਤੇ ਹੋਣਗੇ।
ਧੀ ਘਰ ਜਾਣ ਦੀ ਤਿਆਰੀ ਕਰ ਰਹੀ ਸੀ ਤੇ ਮਾਂ ਆਪਣੇ ਡੂੰਘੇ ਖਿਆਲਾ ਵਿਚ ਖੋਈ ਹੋਈ ਸੀ
ਧੀ ਮਾਂ ਕੋਲ ਆਈ ਤੇ ਉਸ ਦੇ ਕੋਲ਼ ਬੈਠ ਕੇ ਆਖਣ ਲੱਗੀ ਮਾਂ ਉੱਠ ਆਪਾ ਹੁਣ ਘਰ ਚਲੀਏ ਮੈ ਬੁਹਤ ਥੱਕ ਚੁੱਕੀ ਹਾਂ ਮਾਂ ਦੀਆਂ ਅੱਖਾਂ ਵਿੱਚੋ ਕਿਰਦੇ ਹੋਏ ਹੰਝੂ ਉਸਦੇ ਸਵਾਲ ਦਾ ਜਵਾਬ ਸਨ ਜਿਵੇਂ ਕਹਿ ਰਹੇ ਹੋਣ ਧੀਏ ਤੇਰੀ ਮਾਂ ਹੁਣ ਤੁਰਦੀ ਫਿਰਦੀ ਲਾਸ਼ ਹੈ ਇਸ ਨੂੰ ਜਿਥੇ ਮਰਜ਼ੀ ਲਿਜਾ ਕੇ ਕਿਸੇ ਸਮੁੰਦਰ ਵਿੱਚ ਰੋੜ ਦੇ। ਹੁਣ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਕੀ ਪਿੱਛੇ ਪੰਜਾਬ ਵਿਚ ਕਿਸੇ ਨਾਲ ਗੱਲ ਕਰ ਸਕਾ ਤੇ ਤੇਰੇ ਬਾਪੂ ਕੋਲ ਵਾਪਸ ਜਾ ਕੇ ਦੱਸ ਸਕਾ ਕੀ ਤੇਰੀ ਧੀ ਕੀ ਕੰਮ ਕਰਦੀ ਹੈ
ਧੀ ਨੇ ਮਾਂ ਹੱਥ ਤੋਂ ਫ਼ੜ ਕੇ ਉਠਾਣ ਦੀ ਕੋਸ਼ਿਸ਼ ਕੀਤੀ ਹੱਥ ਬੁਹਤ ਠੰਡਾ ਸੀ ਮੱਥੇ ਤੇ ਹੱਥ ਲਾ ਕੇ ਦੇਖਿਆ ਉਹ ਵੀ ਠੰਡਾ। ਸੋਚਣ ਲੱਗੀ ਠੰਡ ਬੁਹਤ ਜਿਆਦਾ ਹੋਣ ਕਾਰਨ ਮਾਂ ਨੂੰ ਠੰਡ ਲੱਗ ਗਈ ਹੈ
ਪਰ ਜ਼ਿੰਦਗੀ ਦੇ ਅਸਲ ਸੱਚ ਤੋਂ ਅਨਜਾਣ ਸੀ ਕੀ ਮਾਂ ਹੁਣ ਠੰਡੀ ਹੋ ਗਈ ਹੈ 😭ਤੇ ਸਿਵਿਆ ਦੀ ਮੱਚਦੀ ਅੱਗ ਵੀ ਓਸ ਨੂੰ ਗਰਮੀ ਦੇ ਕੇ ਉਠਾ ਨਹੀ ਸੀ ਸਕਦੀ।

02/08/2023

ਰੁਪਈਏ ਦਾ ਮੁੱਲ 🥀
°°°°°°°°°°°°°°°°°°
ਇੱਕ ਬੁੱਢੀ ਮਾਈ ਇੱਕ ਦਿਨ ਹੱਥ ਵਿੱਚ ਰੁਪਈਆ ਲੈ ਕੇ ਇੱਕ ਸੇਠ ਦੀ ਦੁਕਾਨ ਤੇ ਗਈ। ਇੱਕ ਪਾਸੇ ਖੜ੍ਹੀ ਹੋ ਕੇ ਕਾਫ਼ੀ ਦੇਰ ਤੱਕ ਆਉਂਦੇ ਜਾਂਦੇ ਗਾਹਕਾਂ ਨੂੰ ਵੇਖਦੀ ਰਹੀ। ਜਦੋਂ ਸੇਠ ਨੂੰ ਕੁੱਝ ਵਿਹਲ ਮਿਲ਼ੀ ਤਾਂ ਉਸਦਾ ਧਿਆਨ ਬੁੱਢੀ ਮਾਈ ਵੱਲ ਗਿਆ। ਉਸਨੇ ਪੁੱਛਿਆ ਕਿ ਮਾਈ ਕੀ ਵੇਖ ਰਹੀ ਏਂ ?

ਬੁੱਢੀ ਮਾਈ ਬੋਲੀ, " ਸੇਠ ਜੀ ! ਲੈਣਾ ਤਾਂ ਮੈਂ ਕੁੱਝ ਨਹੀਂ ਹੈ ਪਰ ਤੁਹਾਡਾ ਬੜਾ ਨਾਂ ਸੁਣਿਆ ਹੈ ਸ਼ਹਿਰ ਵਿੱਚ ਅਤੇ ਮੈਂ ਅੱਜ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ••?"

ਸੇਠ ਜੀ ਹੈਰਾਨ ਹੋ ਕੇ ਮਾਈ ਦੇ ਮੂੰਹ ਵੱਲ ਵੇਖਣ ਲੱਗੇ। ਦੋ ਮਿੰਟ ਲੱਗ ਗਏ ਉਹਨਾਂ ਨੂੰ ਸਹਿਜ ਹੁੰਦਿਆਂ। ਫੇਰ ਬੋਲੇ ••" ਪੁੱਛੋ ••?"

ਮਾਈ ਬੋਲੀ, " ਸੇਠ ਜੀ ! ਤੁਸੀਂ ਕਿੰਨਾ ਕੁ ਕਮਾ ਲੈਂਦੇ ਹੋ ••?"

ਸਵਾਲ ਬਹੁਤ ਹੀ ਨਿਜੀ ਸੀ। ਆਮ ਤੌਰ ਤੇ ਕੋਈ ਕਿਸੇ ਨੂੰ ਅਜਿਹਾ ਸਵਾਲ ਨਾ ਤੇ ਪੁੱਛਦਾ ਹੈ ਤੇ ਨਾ ਹੀ ਕੋਈ ਆਪਣੀ ਸਹੀ ਕਮਾਈ ਦੱਸਦਾ ਹੈ। ਸੇਠ ਜੀ ਨੇ ਨੱਕ ਨੀ ਚੁੰਝ ਤੱਕ ਆਇਆ ਚਸ਼ਮਾ ਉੱਪਰ ਨੂੰ ਚੁੱਕਦਿਆਂ, ਮਾਈ ਨੂੰ ਚੰਗੀ ਤਰ੍ਹਾਂ ਤੱਕਿਆ ਅਤੇ ਭਰੋਸਾ ਹੋ ਜਾਣ ਤੇ ਕਿ ਕਿਤੇ ਕੋਈ ਗੜਬੜ ਨਹੀਂ ਹੈ, ਬੜੇ ਠੰਡੇ ਲਹਿਜ਼ੇ ਵਿੱਚ ਕਿਹਾ ••" ਬਸ ਮਾਈ ! ਰੱਬ ਦੀ ਕਿਰਪਾ ਨਾਲ਼ ਸਾਲ ਵਿੱਚ ਦੁੱਗਣੇ ਹੋ ਜਾਂਦੇ ਹਨ। ਪਰ ਤੁਸੀਂ ਇਹ ਸਭ ਕਿਉਂ ਪੁੱਛ ਰਹੇ ਹੋ ••?"

ਹੁਣ ਮਾਈ ਨੇ ਆਪਣੀ ਵਿਥਿਆ ਦੱਸੀ। ਸੇਠ ਦਾ ਇਸ਼ਾਰਾ ਪਾ ਕੇ ਉਹ ਲਾਗੇ ਪਈ ਕੁਰਸੀ ਤੇ ਬੈਠਦਿਆਂ ਬੋਲੀ ••" ਸੇਠ ਜੀ ਮੈਂ ਬਹੁਤ ਗਰੀਬ ਹਾਂ, ਜਿੰਵੇਂ-ਕਿੰਵੇਂ ਕਰਕੇ ਮੈਂ ਇਹ ਇੱਕ ਰੁਪਈਆ, ਪੈਸਾ ਪੈਸਾ ਕਰ ਕੇ ਜੋੜਿਆ ਹੈ। ਤੁਹਾਡੀ ਸ਼ਰਾਫਤ ਅਤੇ ਇਮਾਨਦਾਰੀ ਨੂੰ ਸਾਰਾ ਸ਼ਹਿਰ ਸਲਾਹੁੰਦਾ ਹੈ। ਇਸ ਲਈ ਮੈਂ ਚਾਹੁੰਦੀ ਹਾਂ ਕਿ ਜੇ ਤੁਸੀਂ ਕਿਰਪਾ ਕਰਕੇ ਮੇਰਾ ਇਹ ਇੱਕ ਰੁਪਈਆ ਆਪਣੇ ਵਪਾਰ ਵਿੱਚ ਲਾ ਲਵੋਂ ਤਾਂ ਅੱਗੇ ਜਾ ਕੇ ਮੇਰਾ, ਬੁੱਢੀ ਦਾ ਵੀ ਬੁਢਾਪਾ ਬੇਫਿਕਰੀ ਨਾਲ਼ ਕੱਟਿਆ ਜਾਵੇਗਾ। "

ਸੇਠ ਨੂੰ ਦਇਆ ਆ ਜਾਂਦੀ ਹੈ ਤੇ ਉਹ ਆਪਣੇ ਮੁਨੀਮ ਨੂੰ ਕਹਿੰਦਾ ਹੈ ••" ਏਸ ਬੁੱਢੀ ਮਾਈ ਦਾ ਰੁਪਈਆ ਵਹੀ ਖਾਤੇ ਵਿੱਚ ਜਮ੍ਹਾ ਕਰ ਲਵੋ ਅਤੇ ਅੱਜ ਦੀ ਤਰੀਕ ਪਾ ਕੇ ਮਾਈ ਨੂੰ ਰਸੀਦ ਦੇ ਦਿਓ। "

ਬੁੱਢੀ ਮਾਈ ਬਹੁਤ ਖੁਸ਼ ਹੋ ਜਾਂਦੀ ਹੈ ਅਤੇ ਅਸ਼ੀਰਵਾਦ ਦਿੰਦੇ ਹੋਏ ਸੇਠ ਜੀ ਨੂੰ ਕਹਿੰਦੀ ਹੈ ••" ਸੇਠ ਜੀ ਮੇਰਾ ਕੋਈ ਸਕਾ-ਸੰਬੰਧੀ ਨਹੀਂ ਹੈ ਤੇ ਮੈਂ ਹੁਣ ਤੀਰਥ ਯਾਤਰਾ ਤੇ ਚੱਲੀ ਹਾਂ। ਜੇ ਜਿਉਂਦੀ ਰਹੀ ਤਾਂ ਅੱਜ ਤੋਂ 25 ਸਾਲ ਬਾਅਦ ਮੈਂ ਤੁਹਾਡੇ ਕੋਲ਼ ਆਵਾਂਗੀ ਅਤੇ ਆਪਣੀ ਅਮਾਨਤ ਲਾਭ ਸਮੇਤ ਤੁਹਾਡੇ ਤੋਂ ਲੈ ਲਵਾਂਗੀ। "
ਸੇਠ ਨੇ ਸਹਿਜ ਸੁਭਾਅ ਕਹਿ ਦਿੱਤਾ ਕਿ ਠੀਕ ਹੈ। ਗੱਲ ਕਿਹੜਾ ਕਿਸੇ ਲੰਬੇ-ਚੌੜੇ ਹਿਸਾਬ ਦੀ ਸੀ, ਛੇਤੀ ਹੀ ਆਈ-ਗਈ ਹੋ ਗਈ ਅਤੇ ਬੁੱਢੀ ਮਾਈ ਸੇਠ ਨੂੰ ਪ੍ਰਣਾਮ ਕਰ ਤੀਰਥ ਯਾਤਰਾ ਤੇ ਨਿੱਕਲ਼ ਗਈ।

ਵਕਤ ਬੀਤਿਆ ਤੇ ਇੱਕ ਦਿਨ ਅਚਾਨਕ 25 ਸਾਲ ਬਾਅਦ ਬੁੱਢੀ ਮਾਈ ਸੇਠ ਦੀ ਗੱਦੀ ਤੇ ਆਪਣੇ ਰੁਪਈਏ ਲੈਣ ਸੇਠ ਦੇ ਸਾਹਮਣੇ ਆ ਖੜ੍ਹੀ ਹੋਈ।

ਸੇਠ ਨੇ ਮੁਨੀਮ ਨੂੰ ਕਿਹਾ, " ਇਸ ਮਾਈ ਨੂੰ ਦਸ ਰੁਪਏ ਦੇ ਦਵੋ। "

ਬੁੱਢੀ ਮਾਈ ਬੋਲੀ, " ਸੇਠ ਜੀ ! ਏਸ ਤਰ੍ਹਾਂ ਨਹੀਂ, ਜਿਹੜਾ ਮੇਰਾ ਹਿਸਾਬ ਬਣਦਾ ਹੈ ਉਹ ਦੇ ਦਵੋ ••।"

ਸੇਠ ਨੇ ਗੱਲ ਖਤਮ ਕਰਨ ਦੇ ਅੰਦਾਜ਼ ਵਿੱਚ ਕਿਹਾ, " ਮੁਨੀਮ ਜੀ ! ਮਾਈ ਨੂੰ 100 ਰੁਪਈਏ ਦੇ ਕੇ ਛੱਟੀ ਕਰੋ। "

ਪਰ ਮਾਈ ਫੇਰ ਬੋਲੀ, " ਨਹੀਂ ਸੇਠ ਜੀ ! ਜਿਹੜਾ ਮੇਰਾ ਹਿਸਾਬ ਬਣਦਾ ਹੈ, ਉਹ ਦੇ ਦਵੋ। "

ਹਾਰ ਕੇ ਸੇਠ ਜੀ ਨੇ ਮੁਨੀਮ ਨੂੰ ਹਿਸਾਬ ਲਾਉਣ ਨੂੰ ਕਿਹਾ।
ਹਿਸਾਬ ਲਾਉਣ ਤੋਂ ਬਾਅਦ ਮੁਨੀਮ ਦਾ ਸਿਰ ਚਕਰਾ ਗਿਆ। ਉਸਨੇ ਸੇਠ ਜੀ ਦੇ ਕੰਨ ਵਿੱਚ ਕੁੱਝ ਕਿਹਾ ਜਿਸਨੂੰ ਸੁਣ ਕੇ ਸੇਠ ਦੇ ਹੋਸ਼ ਫ਼ਾਖ਼ਤਾ ਹੋ ਗਏ।

ਹੁਣ ਤੁਹਾਡੇ ਸਾਰਿਆਂ ਲਈ ਇੱਕ ਛੋਟਾ ਜਿਹਾ ਸਵਾਲ ਹੈ, ਕਿ ਮੁਨੀਮ ਨੇ ਬੁੱਢੀ ਮਾਈ ਦਾ ਕਿੰਨੇ ਰੁਪਈਏ ਦਾ ਹਿਸਾਬ ਬਣਾਇਆ ?

ਤੁਸੀਂ ਇਮਾਨਦਾਰੀ ਨਾਲ਼ ਪੋਸਟ ਪੜ੍ਹਦਿਆਂ ਹੀ ਬਿਨਾ ਕੈਲਕੂਲੇਟਰ ਵਰਤਿਆਂ ਆਪਣੇ ਅਨੁਮਾਨ ਨਾਲ਼ ਦੱਸਣਾ ਹੈ ਕਿ ਬੁੱਢੀ ਮਾਈ ਦੀ ਕਿੰਨੀ ਰਕਮ ਸੇਠ ਵੱਲ ਬਕਾਇਆ ਖੜ੍ਹੀ ਹੈ ?

ਬਾਅਦ ਵਿੱਚ ਕੈਲਕੂਲੇਟਰ ਤੇ ਹਿਸਾਬ ਲਾ ਕੇ ਸਹੀ ਰਕਮ ਵੀ ਪੋਸਟ ਦੇ ਜਵਾਬ ਵਿੱਚ ਦੱਸ ਸਕਦੇ ਹੋ ਤਾ ਕਿ ਸਾਰਿਆਂ ਨੂੰ ਇੱਕ ਰੁਪਈਏ ਦੀ ਕੀਮਤ ਦੀ ਪਤਾ ਲੱਗ ਜਾਵੇ। ✍🏻

25/06/2023

ਸਟਾਰ ਮੱਛੀ (star fish) ਜਦੋ ਆਂਡੇ ਦੇਣ ਸਮੁੰਦਰ ਦੇ ਕੰਢੇ ਦੇ ਨੇੜੇ ਆਉਂਦੀ ਹੈ ਤਾਂ ਸਮੁੰਦਰ ਦੀਆਂ ਲਹਿਰਾਂ ਹਜ਼ਾਰਾਂ ਮੱਛੀਆਂ ਨੂੰ ਕੰਢੇ ਤੇ ਸੁੱਟ ਦਿੰਦਿਆਂ ਹਨ .ਲਹਿਰਾਂ ਵਾਪਿਸ ਚਲੀਆਂ ਜਾਂਦੀਆਂ ਹਨ .ਪਰ ਹਜ਼ਾਰਾਂ ਮੱਛੀਆਂ ਪਿੱਛੇ ਕੰਡੇ ਤੇ ਪਈਆਂ ਰਹਿ ਜਾਂਦੀਆਂ ਨੇ .
ਹੁਣ ਆਉਂਦੇ ਹਾਂ ਇਕ ਕਹਾਣੀ ਵੱਲ .ਇਕ ਨਿੱਕਾ ਜਿਹਾ ਬੱਚਾ ਇਨ੍ਹਾਂ ਹਜ਼ਾਰਾਂ ਜਹੀਆਂ ਮੱਛੀਆਂ ਚੋ ਕੁਝ ਇਕ ਨੂੰ ਚੁੱਕ ਕੇ ਵਾਪਿਸ ਸਮੁੰਦਰ ਚ ਸੁੱਟ ਰਿਹਾ ਹੈ .ਇਕ ਵਡੇਰੀ ਉਮਰ ਦਾ ਇਕ ਆਦਮੀ ਇਹ ਦੇਖ ਰਿਹਾ ਸੀ .ਉਹ ਬੱਚੇ ਨੂੰ ਕਹਿੰਦਾ ਹੈ "ਕੀ ਤੇਰੇ ਇੰਝ ਕੁਝ ਕੁ ਮੱਛੀਆਂ ਨੂੰ ਵਾਪਿਸ ਸਮੁੰਦਰ ਚ ਸੁੱਟਣ ਨਾਲ ਹਜ਼ਾਰਾਂ ਮੱਛੀਆਂ ਚੋ ਕੋਈ ਫਰਕ ਪਵੇਗਾ .?
ਬੱਚੇ ਨੇ ਇਕ ਮੱਛੀ ਚੁੱਕੀ ਤੇ ਕਿਹਾ "ਨਹੀਂ ,,,ਪਰ ...ਇਸ ਮੱਛੀ ਨੂੰ ਜਰੂਰ ਫਰਕ ਪਵੇਗਾ ਜਿਹੜੀ ਹਜ਼ਾਰਾਂ ਚੋ ਵਾਪਿਸ ਸਮੁੰਦਰ ਚ ਵਾਪਿਸ ਚੱਲੀ ਜਾਵੇਗੀ ."
ਲਿਖਣ ਵੇਲੇ( ਚਾਹੇ ਬਕਬਕ ਹੀ ਸਮਝੇ ਕੋਈ )ਆਪਣਾ ਵੀ ਇਹ ਹੀ ਅਸੂਲ ਹੈ ਕੇ ਮੇਰੇ ਲਿਖਣ ਨਾਲ ਜਰੂਰੀ ਨਹੀਂ ਹਜ਼ਾਰਾਂ ਲੋਕਾਂ ਚ ਬਦਲਾਵ ਆਵੇਗਾ ਪਰ ਇਨ੍ਹਾਂ ਹਜ਼ਾਰਾਂ ਚੋ ਕੁਝ ਇਕ ਤੇ ਅਜਿਹੇ ਹੋਣਗੇ ਜਿਨ੍ਹਾਂ ਵਾਸਤੇ ਤੁਹਾਡੇ ,ਮੇਰੇ ਸ਼ਬਦ ਅੰਦੋਲਨ ਬਣ ਜਾਣਗੇ ,ਜਾਂਦੇ ਹਨ .ਜਿਹੜੇ ਤੁਹਾਡੀ ,ਸਾਡੀ ਜਿੰਦਗੀ ,ਸੋਚ ਨੂੰ ਬਦਲ ਦਿੰਦੇ ਨੇ .ਕਿਸੇ ਇਕ ਦੀ ਜਿੰਦਗੀ ਚ ਇਹ ਫਰਕ ਬਹੁਤ ਹੈ ਬਜਾਏ ਇਸਦੇ ਕੇ ਹਜ਼ਾਰਾਂ ਫੋਕੀ ਵਾਹ ਵਾਹ ਕਰਾਉਣਦੇ .ਬਦਲਾਵ ਕੁਝ ਵੀ ਨਾ ਆਏ ...
ਮਾਰਟਿਨ ਲੂਥਰ ਨੇ ਕਿਹਾ ਸੀ "ਅੰਤ ਵੇਲੇ ਦੁਸ਼ਮਣਾਂ ਦੇ ਕਹੇ ਬੋਲਾਂ ਨਾਲੋਂ ,ਦੋਸਤਾਂ ਦੀ ਚੁੱਪ ਜਿਆਦਾ ਯਾਦ ਆਉਂਦੀ ਹੈ……. ✍🏻

25/03/2023

ਗੁਪਤ ਦਾਨਾਂ ਦਾ ਗੁਪਤ ਸੱਚ...!

ਪਿਛਲੇ ਕਈ ਦਿਨਾਂ ਤੋਂ ਮੇਰੇ ਪਿੰਡ ਦੇ ਡੇਰੇ ਤੇ ਕਿਸੇ ਦਾਨੀ ਸੱਜਣ ਵੱਲੋਂ ਇਕ ਟਰੈਕਟਰ ਗੁਪਤ ਦਾਨ ਕਰ ਜਾਂਣ ਦੀ ਖਬਰ ਅਖਬਾਰਾਂ ਅਤੇ ਸਾਡੇ ਇਲਾਕੇ ਵਿੱਚ ਛਾਈ ਹੋਈ ਹੈ,.ਪਤਾ ਨਹੀਂ ਆਰਥਿਕ ਮੰਦੀ ਦੇ ਇਸ ਦੌਰ ਵਿੱਚ ਐਸਾ ਕਿਹੜਾ ਅਮੀਰ ਇੰਨਾਂ ਜਿਗਰਾ ਵਿਖਾ ਗਿਆ ਸਮਝ ਤੋਂ ਪਰੇ ਦੀ ਗੱਲ ਹੈ,..ਪਰ ਇਕ ਪੁਰਾਣਾਂ ਕਿੱਸਾ ਜਰੂਰ ਯਾਦ ਆ ਗਿਆ ਮੇਰੇ..!
ਮੇਰੀ ਨਵੀਂ ਨਵੀਂ ਬੈਂਕ ਦੀ ਨੌਕਰੀ ਲੱਗਾ ਸੀ ਉਦੋਂ..ਤੇ ਇਸ ਬਾਬੇ ਨੇ ਵੀ ਨਵਾਂ ਨਵਾਂ ਡੇਰਾ ਖੋਲਿਆ ਸੀ,..ਉਜਾੜ ਬੀਆਬਾਨ ਜੰਗਲ ਵਿੱਚ ਦੋਕੁ ਛੰਨਾਂ ਪਾ..,ਸ਼ਾਮ ਸਵੇਰੇ ਕੱਚੀ ਬਾਣੀ ਦੀਆਂ ਧਾਰਨਾ ਪੜ ਪੜਕੇ ਬਾਬੇ ਨੇ ਵਧੀਆ ਰੌਣਕ ਲਾ ਲਈ ਸੀ..,ਪੜੌਲ ਪਿੰਡ ਦਾ ਮੇਰਾ ਇਕ ਕਰੀਬੀ ਦੋਸਤ ਇਸ ਨਵਜੰਮੇ ਬਾਬੇ ਨੂੰ ਨਾਲ਼ ਲੈਕੇ ਮੇਰੇ ਕੋਲ ਇਕ ਦਿਨ ਬੈਂਕ ਆਇਆ ,..ਬਾਬਾ ਜੀ ਨੇ ਲੋਨ ਲੈਕੇ ਨਵੀੰ ਸਫਾਰੀ ਖ੍ਰੀਦਣੀ ਸੀ ਤੇ ਮੇਰੀ ਮਦਦ ਦੀ ਲੋੜ ਸੀ..ਮਿਤਰ ਦੀ ਸਿਫਾਰਸ਼ ਤੇ ਕਰਜੇ ਦੇ ਕਾਗਜ਼ ਪੱਤਰ ਤਿਆਰ ਕਰਨ ਤੋਂ ਲੈ ਗਵਾਹੀ ਵਗੈਰਾ ਪਾਉਣ ਦਾ ਟਾਟਾ ਕੰਪਨੀ ਵਾਲ਼ਿਆਂ ਦਾ ਸਾਰਾ ਕੰਮ ਮੈਂ ਤੁਰਤ ਫੁਰਤ ਟਿੱਚ ਕਰਵਾ ਦਿੱਤਾ!..
ਇਸ ਘਟਨਾ ਤੋਂ ਦਸਕੁ ਦਿਨ ਬਾਦ ਬਾਬੇ ਵੱਲੋਂ ਪਾਏ ਪੂਰਨਮਾਸ਼ੀ ਦੇ ਦੀਵਾਨਾਂ ਦੇ ਭੋਗ ਵੇਲ਼ੇ ਬਰੈਡ ਪਕੌੜੇ ਜਲੇਬੀਆਂ ਦਾ ਲੰਗਰ ਛਕਣ ਅਤੇ ਪਹੁੰਚੀਆਂ ਸੰਗਤਾਂ ਦੇ ਦਰਸ਼ਣ ਦੀਦਾਰੇ ਕਰਨ ਲਈ ਮੈਂ ਵੀ ਉਚੇਚੇ ਤੌਰ ਤੇ ਗਿਆ..ਵਾਹਵਾ ਰੰਗ ਬੱਝੇ ਸਨ...ਨਿਸ਼ਾਨ ਸਾਹਿਬ ਲਾਗੇ ਕਰਜਾ ਲੈਕੇ ਖਰੀਦੀ ਸਫਾਰੀ ਖੜੀ ਸੀ ਤੇ ਚਾਰੇ ਪਾਸੇ ਸ਼ਰਧਾਲੂ ਖੜੇ ਚੀਂ ਚੀਂ ਕਰ ਰਹੇ ਸਨ ਕਿ ਰਾਤੀਂ ਕੋਈ ਗੁਪਤਦਾਨੀ ਸੱਜਣ ਮੱਲਕ ਦੇਕੇ ਇਹ ਗੱਡੀ ਖੜੀ ਕਰ ਗਿਆ ਹੈ,.ਲਾਗੇ ਹੀ ਖੜੇ ਮੈਂ ਉਸ ਪੜੌਲ ਵਾਲ਼ੇ ਮਿਤਰ ਨੂੰ ਸਾਰਾ ਮਾਜ਼ਰਾ ਪੱਛਿਆ ਤਾਂ ਉਹ ਕਹਿੰਦਾ ਕਿ ਯਾਰ ਤੈਨੂੰ ਤਾਂ ਪਤਾ ਈ ਹੈ ਗੱਡੀ ਕਿਵੇਂ ਆਈ,..ਪਰ ਬਾਬਾ ਜੀ ਕਹਿੰਦੇ ਹਨ ਕਿ ਦਾਨ ਵਜੋਂ ਮਿਲਣ ਦਾ ਪ੍ਰਚਾਰ ਕਰੋ,..ਗੱਡੀ ਦਾ ਨਾਂ ਸੁਣਕੇ ਜੇ ਕੋਈ ਮੋਪਡ ਵੀ ਦਾਨ ਕਰ ਗਿਆ ਤਾਂ ਵੀ ਪਰੌਫਟ ਵਿੱਚ ਰਹਾਂਗੇ..!
ਘੱਟੋ-ਘੱਟ ਪੰਦਰਾਂ ਸਾਲ ਪੁਰਾਣੀ ਗੱਲ ਹੈ ਇਹ,..ਹੁਣ ਤਾਂ ਡੇਰੇ ਤੇ ਰੰਗ ਬੱਝੇ ਨੇ..,ਬਹੁਤ ਵੱਡਾ ਏਸੀ ਦਰਬਾਰ ਸਾਹਿਬ ਹਾਲ,..ਸੰਤਾਂ ਦੇ ਮਹਿਲ..,ਮਿੰਨੀ ਚਿੜੀਆ ਘਰ ਤੱਕ ਉਸਰ ਗਿਆ ਹੈ,..ਗੱਲ ਕੀ ਫਿਲਮਾਂ ਦੀਆਂ ਸ਼ੂਟਿੰਗਾਂ ਤੱਕ ਹੁੰਦੀਆਂ ਹਨ ਹੁਣ ਤਾਂ ਇੱਥੇ,..,ਟਰੈਕਟਰ ਵੀ ਦਾਨ ਵਿਚ ਆਗਿਆ ਹੈ,..ਹੋ ਸਕਦਾ ਕਿਸੇ ਦਿਨ ਰਾਤ ਨੂੰ ਕੋਈ ਹੈਲੀਕਾਪਟਰ ਵੀ ਖੜਾ ਕਰ ਜਾਵੇ!!
ੲਿਕ ਦੋਸਤ ਦੀ ਵਾਲ ਤੋ ..

20/09/2022

ਬੀਜੀ ਦਾ ਤੜਕੇ ਉੱਠ ਉੱਚੀ-ਉੱਚੀ ਪਾਠ ਕਰਨਾ ਮੈਨੂੰ ਕਦੇ ਵੀ ਚੰਗਾ ਨਹੀਂ ਸੀ ਲੱਗਦਾ..ਮੇਰੀ ਨੀਂਦ ਇੱਕ ਵੇਰ ਉਖੜ ਜਾਇਆ ਕਰਦੀ ਤਾਂ ਮਗਰੋਂ ਸੌਣਾ ਬੜਾ ਹੀ ਔਖਾ ਲੱਗਦਾ!

ਮਨ ਹੀ ਮਨ ਸੋਚਦਾ ਬੀਜੀ ਨੂੰ ਬਾਣੀ ਦਿਖਾਵੇ ਖਾਤਿਰ ਨਹੀਂ ਪੜਨੀ ਚਾਹੀਦੀ..ਪਰ ਡੈਡੀ ਜੀ ਦੀਆਂ ਝਿੜਕਾਂ ਦੇ ਡਰੋਂ ਹੋਰ ਬਹਿਸ ਕਰਨੀ ਮੁਨਾਸਿਬ ਨਾ ਸਮਝਦਾ!

ਦੂਜੇ ਪਾਸੇ ਬੀਜੀ ਦਾ ਤਰਕ ਹੁੰਦਾ ਕੇ ਧੁਰੋਂ ਸਿਰਜ ਕੇ ਆਈ ਇਹ ਬਾਣੀ ਜਿੰਨੇ ਵੀ ਕੰਨਾਂ ਵਿਚ ਪਵੇ ਓਨਿਆਂ ਦਾ ਹੀ ਭਲਾ ਕਰਦੀ ਜਾਵੇ!

ਉਸ ਦਿਨ ਕੰਮ ਤੇ ਛੇਤੀ ਅੱਪੜਨਾ ਸੀ..ਨਵੀਂ ਪੱਗ ਦਾ ਆਖਰੀ ਲੜ ਪੂਰਾ ਨਾ ਆਇਆ..ਪਾਸਾ ਬਦਲਿਆ ਤੇ ਫੇਰ ਪਾਠ ਕਰਦੀ ਬੀਜੀ ਨੇ ਉੱਠ ਕੇ ਦੂਜੇ ਪਾਸਿਓਂ ਪੂਣੀ ਕਰਾਈ!

ਹਾਈਵੇ ਤੇ ਚੜਿਆ..ਵੱਡਾ ਜਾਮ ਲੱਗਾ ਸੀ..ਛੇਤੀ ਅੱਪੜਨ ਖਾਤਿਰ ਮੋਟਰ ਸਾਈਕਲ ਲਿੰਕ ਸੜਕ ਤੇ ਪਾ ਲਿਆ..ਅਜੇ ਥੋੜੀ ਦੂਰ ਹੀ ਗਿਆ ਸਾਂ ਕੇ ਪਰਾਲੀ ਨੂੰ ਲੱਗੀ ਅੱਗ ਦੇ ਧੂੰਏਂ ਕਰਕੇ ਇੱਕਦਮ ਦਿਸਣੋਂ ਹਟ ਗਿਆ..ਸਪੀਡ ਥੋੜੀ ਹੋਲੀ ਕੀਤੀ ਹੀ ਸੀ ਕੇ ਇੱਕ ਵੱਡਾ ਸਾਰਾ ਝਟਕਾ ਲੱਗਾ ਤੇ ਮੈਂ ਕਿੰਨੀ ਦੂਰ ਜਾ ਡਿੱਗਾ..ਅੱਗਿਓਂ ਮੈਨੂੰ ਕੋਈ ਹੋਸ਼ ਨਾ ਰਹੀ!

ਘੜੀ ਕੂ ਮਗਰੋਂ ਜਦੋਂ ਹੋਸ਼ ਆਈ ਤਾਂ ਵੇਖਿਆ ਭੁੰਜੇ ਲੰਮੇਂ ਪਏ ਦੇ ਆਲੇ ਦਵਾਲੇ ਇੱਕ ਵੱਡੀ ਭੀੜ ਸੀ..ਇੱਕ ਅਮ੍ਰਿਤਧਾਰੀ ਸਿੰਘ ਨੇ ਮੈਨੂੰ ਓਸੇ ਵੇਲੇ ਕਲਾਵੇ ਵਿਚ ਲੈ ਲਿਆ ਤੇ ਸ਼ੁਕਰਾਨਾ ਕਰਦਾ ਆਖਣ ਲੱਗਾ ਸ਼ੁਕਰ ਏ ਸਿੰਘਾਂ ਹੋਸ਼ ਵਿਚ ਆ ਗਿਆ..ਜਿਸ ਹਿਸਾਬ ਨਾਲ ਮੇਰੇ ਵਿਚ ਵੱਜਿਆ ਸੈਂ ਮੈਂ ਤੇ ਆਸ ਲਾਹ ਦਿੱਤੀ ਸੀ..ਫੇਰ ਕੋਲ ਹੁੰਦਾ ਆਖਣ ਲੱਗਾ ਕੇ ਨਿੱਕਿਆ ਤੇਰਾ ਕੋਈ ਆਪਣਾ ਇਸ ਵੇਲੇ ਜਰੂਰ ਤੈਨੂੰ ਯਾਦ ਕਰ ਬਾਣੀ ਪੜਦਾ ਹੋਊ..ਜਿਸਨੇ ਤੈਨੂੰ ਹੱਥ ਦੇ ਕੇ ਰੱਖ ਲਿਆ ਵਰਨਾ ਪੰਝੀ ਸਾਲਾਂ ਤੋਂ ਟਰੱਕ ਤੇ ਹੀ ਹਾਂ..ਸ਼ਾਇਦ ਹੀ ਕੋਈ ਬਚਿਆ ਹੋਊ ਏਦਾਂ ਦੇ ਐਕਸੀਡੈਂਟ ਮਗਰੋਂ!

ਅੱਧੇ ਕੂ ਘੰਟੇ ਮਗਰੋਂ ਕਿਸੇ ਮਗਰ ਬੈਠ ਜਦੋਂ ਘਰੇ ਅੱਪੜਿਆ ਤਾਂ ਵੇਖਿਆ ਬੀਜੀ ਅਜੇ ਵੀ ਪਾਠ ਕਰ ਰਹੀ ਸੀ..ਉੱਚੀ ਉੱਚੀ..ਚਿਰਾਂ ਤੋਂ ਆਖਰੀ ਅਸ਼ਟਪਦੀ ਸੁਣਦੇ ਆ ਰਹੇ ਨੂੰ ਅੱਜ ਪਤਾ ਨਹੀਂ ਇੰਝ ਦਾ ਕਿਓਂ ਮਹਿਸੂਸ ਹੋ ਰਿਹਾ ਸੀ ਕੇ ਬੀਜੀ ਦਾ ਸੁਖਮਨੀ ਸਾਬ ਅੱਜ ਕਦੇ ਵੀ ਨਾ ਮੁੱਕੇ ਅਤੇ ਉਸਦੇ ਮੂੰਹੋਂ ਨਿੱਕਲਦੇ ਜਾ ਰਹੇ ਤਲਿਸਮੀਂ ਬੋਲ ਕਾਇਨਾਤ ਅਤੇ ਮੇਰੀ ਰੂਹ ਦੀਆਂ ਤਹਿਆਂ ਵਿਚ ਇੰਝ ਹੀ ਸਦੀਵੀਂ ਮਿਸ਼ਰੀ ਘੋਲਦੇ ਰਹਿਣ!

ਜੀਤ….✍🏻

09/08/2022

ਊਠ ਦੀ ਤਾਕਤ
ਇੱਕ ਊਠਨੀ ਤੇ ਉਸਦਾ ਬੱਚਾ ਗਲਾਂ ਕਰ ਰਹੇ ਸੀ। ਬੱਚੇ ਨੇ ਮਾਂ ਨੂੰ ਸਵਾਲ ਕੀਤਾ, "ਮਾਂ, ਸਾਡੀ ਪਿੱਠ ਤੇ ਢੁੱਠ ਕਿਉਂ ਹੈ?" ਊਠਨੀ ਨੇ ਜਵਾਬ ਦਿੱਤਾ, "ਇਹ ਪਾਣੀ ਤੇ ਖੁਰਾਕ ਜਮਾਂ ਰੱਖਦੇ ਨੇ ਤਾਂ ਜ਼ੋ ਅਸੀਂ ਰੇਗਿਸਤਾਨਾਂ ਵਿੱਚ ਮਾੜੇ ਸਮੇਂ ਤੇ ਲੰਬੇ ਸਫਰ ਵਿੱਚ ਜਿਉਂਦੇ ਰਹਿਏ".

"ਅੱਛਾ", ਬੱਚੇ ਨੇ ਕਿਹਾ, "ਤੇ ਸਾਡੇ ਪੈਰ ਗੋਲ ਗੱਦੀਦਾਰ ਕਿਉਂ ਨੇ ਮਾਂ?"
"ਗੋਲ ਗੱਦੀਦਾਰ ਪੈਰਾਂ ਨਾਲ ਰੇਤੀਲੇ ਮੈਦਾਨ ਵਿੱਚ ਅਸੀਂ ਆਸਾਨੀ ਨਾਲ ਚੱਲ ਸਕਦੇ ਹਾਂ."

"ਠੀਕ. ਪਰ ਇਹ ਸਾਡੀਆਂ ਅੱਖਾਂ ਦੇ ਬਾਲ ਇਨ੍ਹੇਂ ਲੰਬੇ ਕਿਸ ਲਈ।" " ਰੇਤ ਜਾਂ ਮਿੱਟੀ ਘੱਟਾ ਅੱਖਾਂ ਵਿੱਚ ਨਾ ਪੈਣ ਤੋਂ ਇਹ ਸਾਡੀਆਂ ਅੱਖਾਂ ਦੀ ਹਿਫ਼ਾਜ਼ਤ ਕਰਦੇ ਹਨ", ਊਠਨੀ ਨੇ ਫੇਰ ਜਵਾਬ ਦਿੱਤਾ।

ਊਠਨੀ ਦਾ ਬੱਚਾ ਕੁਝ ਦੇਰ ਸੋਚਣ ਤੋਂ ਬਾਅਦ ਬੋਲਿਆ ਸਾਡੇ ਕੋਲ ਢੁੱਠ ਹੈ ਜਿਸ ਨਾਲ ਲੰਬੇ ਰੇਤੀਲੇ ਸਫਰ ਵਿੱਚ ਪਾਣੀ ਤੇ ਖੁਰਾਕ ਜਮਾਂ ਕਰਕੇ ਰੱਖੀਂ ਜਾ ਸਕਦੀ ਹੈ, ਗੱਦੀਦਾਰ ਪੈਰਾਂ ਨਾਲ ਰੇਗਿਸਤਾਨਾਂ ਵਿੱਚ ਚੱਲਿਆ ਜਾ ਸਕਦਾ ਹੈ ਤੇ ਰੇਗਿਸਤਾਨਾਂ ਦੇ ਤੁਫ਼ਾਨਾ ਵਿੱਚ ਵੀ ਅੱਖਾਂ ਮਹਫੂਜ਼ ਹੋ ਸਕਦੀਆਂ ਹਨ.
"ਤਾਂ ਫੇਰ ਅਸੀਂ ਚਿੜੀਆਘਰ ਵਿੱਚ ਕੀ ਕਰ ਰਹੇ ਹਾਂ?"

ਇਸ ਵਾਰ ਊਠਨੀ ਕੋਲ਼ ਕੋਈ ਜਵਾਬ ਨਹੀਂ ਸੀ।

"ਤੁਹਾਡੀ ਤਾਕਤ, ਹੁਨਰ ਤੇ ਜਾਣਕਾਰੀ ਬੇਕਾਰ ਹੈ ਜਦੋਂ ਤੱਕ ਤੁਸੀਂ ਠੀਕ ਜਗ੍ਹਾ ਤੇ ਨਾ ਹੋਵੋ। ਇਸ ਲਈ ਹਮੇਸ਼ਾਂ ਆਪਣੀ ਕਾਬੀਲੀਅਤ ਮੁਤਾਬਿਕ ਰੁਝੇਵੇਂ ਚੁਣੋ। ਉਹੀ ਚੁਣੋ ਜਿਹੜੀ ਚੀਜ਼ ਲਈ ਤੁਸੀ ਬਣੇ ਹੋਏ ਹੋ..ਧੱਕੇ ਨਾਲ , ਲਾਈਲੱਗਤਾ ਨਾਲ ਨਹੀਂ …..✍🏻

30/06/2022

ਇੱਕ ਬਹੁਤ ਪੁਰਾਣੀ ਹਿੰਦੂ ਕਹਾਣੀ ਮੈਨੂੰ ਬਹੁਤ ਪਿਆਰੀ ਹੈ ਕਿ ਨਾਰਦ ਮੁਨੀ ਸਵਰਗ ਵੱਲ ਜਾ ਰਹੇ ਸਨ। ਅਤੇ ਉਹਨਾਂ ਇੱਕ ਬੁੱਢੇ ਤਪੱਸਵੀ ਨੂੰ ਪੁੱਛਿਆ, ਕੀ ਤੁਸੀਂ ਕੋਈ ਖਬਰ-ਵਬਰ ਤਾਂ ਨਹੀਂ ਪੁੱਛਣਾ ਚਾਹੁੰਦੇ ਹੋ, ਕੋਈ ਸੁਨੇਹਾ ਤਾਂ ਨਹੀਂ ਘੱਲਣਾ? ਤਾਂ ਉਸ ਬੁੱਢੇ ਤਪੱਸਵੀ ਨੇ ਕਿਹਾ ਕਿ ਜੇ ਰੱਬ ਨੂੰ ਮਿਲਣਾ ਹੋਵੇ ਤਾਂ ਪੁੱਛਣਾ ਕਿ ਕਿੰਨਾ ਸਮਾਂ ਹੋਰ ਹੈ? ਕਿਉਂਕਿ ਮੈਂ ਤਿੰਨ ਜਨਮਾਂ ਤੋਂ ਤਪੱਸਿਆ ਕਰ ਰਿਹਾ ਹਾਂ।

ਉਹ ਇੱਕ ਬਹੁਤ ਪੁਰਾਣਾ ਤਪੱਸਵੀ ਸੀ। ਨਾਰਦ ਜੀ ਨੇ ਕਿਹਾ, ਜ਼ਰੂਰ ਪੁੱਛਾਂਗਾ।

ਉਸ ਦੇ ਹੀ ਕੋਲ ਇੱਕ ਹੋਰ ਦਰੱਖਤ ਹੇਠਾਂ ਇੱਕ ਨੌਜਵਾਨ ਬੈਠਾ ਆਪਣਾ ਇਕਤਾਰਾ ਵਜਾ ਰਿਹਾ ਸੀ। ਗੀਤ ਗਾ ਰਿਹਾ ਸੀ। ਨਾਰਦ ਮੁਨੀ ਨੇ ਬਸ ਮਜ਼ਾਕ ਵਿਚ ਹੀ ਉਸ ਨੂੰ ਪੁੱਛਿਆ ਕਿ ਕਿਉਂ ਭਾਈ, ਤੈਨੂੰ ਵੀ ਰੱਬ ਤੋਂ ਕੁਝ ਪੁੱਛਣਾ ਹੈ? ਮੈਂ ਜਾ ਰਿਹਾ ਹਾਂ ਸਵਰਗ। ਉਹ ਆਪਣਾ ਗੀਤ ਗਾਉਣ 'ਚ ਮਸਤ ਸੀ। ਉਸ ਨੇ ਨਾਰਦ ਜੀ ਵੱਲ ਧਿਆਨ ਹੀ ਨਾ ਦਿੱਤਾ, ਅੱਖਾਂ ਉਤਾਂਹ ਵੀ ਨਹੀਂ ਚੁੱਕੀਆਂ। ਨਾਰਦ ਜੀ ਨੇ ਉਸਨੂੰ ਹਿਲਾਇਆ ਤਾਂ ਉਸਨੇ ਕਿਹਾ ਕਿ ਨਹੀਂ, ਉਸਦੀ ਕਿਰਪਾ ਅਪਰੰਮਪਾਰ ਹੈ। ਜੋ ਮੈਂ ਚਾਹੁੰਦਾ ਹਾਂ, ਉਹ ਮੈਨੂੰ ਹਮੇਸ਼ਾ ਮਿਲਿਆ ਹੀ ਹੋਇਆ ਹੈ। ਕੁਝ ਵੀ ਪੁੱਛਣ ਦੀ ਲੋੜ ਨਹੀਂ। ਮੇਰੇ ਵੱਲੋਂ ਕੋਈ ਵੀ ਤਕਲੀਫ਼ ਨਾ ਦੇਣਾ ਪ੍ਰਭੂ ਨੂੰ। ਮੇਰੀ ਗੱਲ ਹੀ ਨਾ ਕਰਨਾ ਉੱਥੇ, ਮੈਂ ਰਾਜ਼ੀ ਹਾਂ। ਅਤੇ ਸਭ ਕੁਝ ਮਿਲਿਆ ਹੋਇਆ ਹੈ। ਜੇ ਹੋ ਸਕੇ ਤਾਂ ਮੇਰੀ ਤਰਫ਼ੋਂ ਧੰਨਵਾਦ ਕਹਿ ਦੇਣਾ, ਉਹਨਾਂ ਦੇ ਚਰਨਾਂ 'ਚ ਪ੍ਰਣਾਮ ਕਰ ਦੇਣਾ।

ਨਾਰਦ ਸਵਰਗ ਤੋਂ ਵਾਪਸ ਮੁੜੇ। ਉਸ ਬੁੱਢੇ ਤਪੱਸਵੀ ਕੋਲ ਜਾ ਕੇ ਕਿਹਾ ਕਿ ਮੁਆਫ ਕਰਨਾ ਭਾਈ! ਮੈਂ ਪੁੱਛਿਆ ਸੀ। ਉਨ੍ਹਾਂ ਕਿਹਾ ਕਿ ਜਿਸ ਦਰੱਖਤ ਦੇ ਹੇਠਾਂ ਉਹ ਬੈਠਾ ਹੈ, ਉਸ ਦੇ ਜਿੰਨੇ ਪੱਤੇ ਹਨ, ਓਨੇ ਹੀ ਜਨਮ ਅਜੇ ਹੋਰ ਲੱਗਣਗੇ। ਬੁੱਢੇ ਤਪੱਸਵੀ ਨੂੰ ਬਹੁਤ ਗੁੱਸਾ ਆਇਆ। ਉਹ ਜੋ ਪੋਥੀ ਉਹ ਪੜ੍ਹ ਰਿਹਾ ਸੀ, ਉਸ ਨੂੰ ਵਗਾਹ ਕੇ ਮਾਰਿਆ, ਮਾਲਾ ਤੋੜ ਦਿੱਤੀ, ਗੁੱਸੇ ਵਿੱਚ ਚੀਕਿਆ ਕਿ ਹੱਦ ਹੋ ਗਈ! ਇਹ ਤਾਂ ਬੇਇਨਸਾਫ਼ੀ ਹੈ। ਇਹ ਕਿਹੋ ਜਿਹਾ ਇਨਸਾਫ਼ ਹੈ? ਤਿੰਨ ਜਨਮਾਂ ਤੋਂ ਤਪ ਕਰ ਰਿਹਾ ਹਾਂ, ਦੁੱਖ ਭੋਗ ਰਿਹਾ ਹਾਂ, ਵਰਤ ਰੱਖ ਰਿਹਾ ਹਾਂ, ਉਹ ਵੀ ਇੰਨੇ? ਅਜਿਹਾ ਨਹੀਂ ਹੋ ਸਕਦਾ।

ਉਸ ਨੌਜਵਾਨ ਕੋਲ ਜਾ ਕੇ ਵੀ ਨਾਰਦ ਜੀ ਨੇ ਕਿਹਾ ਕਿ ਮੈਂ ਪੁੱਛਿਆ ਸੀ, ਤੁਸੀਂ ਨਹੀਂ ਵੀ ਚਾਹੁੰਦੇ ਸੀ, ਫਿਰ ਵੀ ਮੈਂ ਪੁੱਛਿਆ ਸੀ। ਉਨ੍ਹਾਂ ਨੇ ਕਿਹਾ ਕਿ ਜਿਸ ਦਰੱਖਤ ਦੇ ਹੇਠਾਂ ਉਹ ਬੈਠਾ ਹੈ ਉਸ ਦੇ ਜਿੰਨੇ ਪੱਤੇ ਹਨ - ਗੱਲ ਅਜੇ ਨਾਰਦ ਮੁਨੀ ਦੇ ਮੁੰਹ 'ਚ ਹੀ ਸੀ, ਪੂਰੀ ਵੀ ਨਹੀਂ ਹੋਈ ਸੀ। ਉਹ ਨੌਜਵਾਨ ਝੱਟ ਪੱਟ ਉਠਿਆ, ਆਪਣਾ ਇਕਤਾਰਾ ਲੈ ਕੇ ਨੱਚਣ ਲੱਗ ਪਿਆ ਅਤੇ ਉਸ ਨੇ ਕਿਹਾ, ਕਮਾਲ ਹੋ ਗਈ। ਮੇਰੀ ਇੰਨੀ ਪਾਤਰਤਾ ਕਿੱਥੇ? ਇੰਨੀ ਛੇਤੀ? ਜ਼ਮੀਨ 'ਤੇ ਕਿੰਨੇ ਰੁੱਖ ਹਨ! ਉਨ੍ਹਾਂ ਰੁੱਖਾਂ ਵਿੱਚ ਕਿੰਨੇ ਪੱਤੇ ਹਨ! ਉਨੇ ਜਨਮਾਂ 'ਚ ਵੀ ਹੋ ਜਾਂਦਾ ਤਾਂ ਮੈਂ ਧੰਨ ਸੀ। ਇਸ ਰੁੱਖ ਦੇ ਪੱਤੇ ਹੀ ਕਿੰਨੇ ਕੁ ਹਨ? ਕੀ ਸੱਚੀਂ ਇੰਨੇ ਹੀ ਜਨਮਾਂ ਵਿਚ ਅਜਿਹਾ ਹੋ ਜਾਵੇਗਾ? ਇਹ ਤਾਂ ਬਹੁਤ ਛੇਤੀ ਹੋ ਗਿਆ, ਇਹ ਤਾਂ ਪ੍ਰਭੂ ਵੱਲੋਂ, ਮੇਰੀ ਔਕਾਤ ਤੋਂ ਵੱਧ ਦੇਣਾ ਹੈ। ਮੈਂ ਇਸ ਨੂੰ ਕਿਵੇਂ ਝੱਲ ਸਕਾਂਗਾ? ਇਸ ਕਿਰਪਾ ਨੂੰ ਮੈਂ ਕਿਵੇਂ ਪ੍ਰਗਟ ਕਰ ਸਕਾਂਗਾ?

ਉਹ ਖੁਸ਼ੀ ਵਿੱਚ ਨੱਚਣ ਲੱਗ ਪਿਆ। ਅਤੇ ਕਹਾਣੀ ਕਹਿੰਦੀ ਹੈ, ਉਹ ਉਸੇ ਤਰ੍ਹਾਂ ਨੱਚਦੇ ਨੱਚਦੇ ਸਮਾਧੀ ਨੂੰ ਉਪਲਬਧ ਹੋ ਗਿਆ। ਦਰਸ਼ਨ ਘਟ ਗਏ। ਉਸ ਦਾ ਸਰੀਰ ਛੁੱਟ ਗਿਆ। ਬੇਅੰਤ ਜਨਮਾਂ ਵਿੱਚ ਜੋ ਕੁਝ ਵਾਪਰਨਾ ਸੀ, ਉਸੇ ਪਲ ਵਾਪਰ ਗਿਆ। ਜਿਸ ਵਿੱਚ ਬਿਨਾਂ ਸਿਕਾਇਤ ਇੰਨੇ ਇੰਤਜ਼ਾਰ ਦਾ ਸਬਰ ਹੋਵੇ, ਉਸ ਲਈ ਪਲ 'ਚ ਹੀ ਹੋ ਜਾਂਦਾ ਹੈ।

……,✍🏻

18/05/2022

ਵਿਕਸਿਤ ਮਾਨਸਿਕਤਾ

ਇੱਕ ਦੋਸਤ ਨੇ ਗੱਲ ਸੁਣਾਈ। ਕਹਿੰਦਾ ਦੁਬਈ ਦੇ ਹਵਾਈ ਅੱਡੇ ‘ਤੇ ਇੱਧਰ ਨੂੰ ਵਾਪਸ ਆਉਣ ਲਈ ਬੈਠਾ ਸੀ ਤਾਂ ਕਾਫ਼ੀ ਸ਼ਾਪ ‘ਤੇ ਇੱਕ ਗੋਰੇ ਨਾਲ ਟੇਬਲ ਸਾਂਝਾ ਕਰਨਾ ਪਿਆ।
ਹਾਲ-ਚਾਲ ਪੁੱਛਣ ਤੋਂ ਬਾਅਦ ਗੱਲਾਂ ਛਿੜ ਪਈਆਂ। ਕਹਿੰਦਾ ਮੈਂ ਦੋ ਕੁ ਮਿੰਟ ‘ਚ ਓਹਨੂੰ ਬਿਨਾ ਪੁੱਛੇ ਆਪਣਾ ਨਾਮ, ਫਿਰ ਕੈਨੇਡਾ ‘ਚ ਕੰਮ-ਕਾਰ ਬਾਰੇ ਤੇ ਆਪਣੇ ਬਾਰੇ ਕਈ ਕੁਝ ਹੋਰ ਦੱਸ ਦਿੱਤਾ।

ਫਿਰ ਉਸਨੇ ਵੀ ਆਪਣਾ ਨਾਮ ਦੱਸ ਦਿੱਤਾ। ਪਰ ਜਦ ਮੈਂ ਉਸਨੂੰ ਉਸਦੇ ਕਿੱਤੇ ਅਤੇ ਕੰਮ-ਕਾਰ ਬਾਰੇ ਪੁੱਛਿਆ ਤਾਂ ਓਹਨੇ ਦੱਸਣੋਂ ਮਨਾ ਕਰ ਦਿੱਤਾ ਤੇ ਕਿਹਾ;
ਦੇਖ ਮਿਸਟਰ ਸਿੰਘ, ਆਪਾਂ ਇੱਕ ਦੂਜੇ ਨਾਲ ਕਿੱਦਾਂ ਇਨਸਾਨੀ ਤੌਰ ‘ਤੇ ਵਧੀਆ ਗੱਲ ਕਰ ਰਹੇ ਹਾਂ। ਮੈਂ ਨੀ ਚਾਹੁੰਦਾ ਕਿ ‘ਮੈਂ ਕੀ ਹਾਂ ਤੇ ਕੀ ਕਰਦਾ ਹਾਂ’, ਦੱਸ ਕੇ ਆਪਣੇ ਇਸ ਅਨਜਾਣ ਰਿਸ਼ਤੇ ‘ਚ ਫਰਕ ਪਾਵਾਂ। ਮੈਂ ਨੀ ਚਾਹੁੰਦਾ ਕਿ ਮੇਰੇ ਕੰਮ-ਕਾਰ ਦਾ ਆਪਣੀ ਗੱਲਬਾਤ ‘ਤੇ ਕੋਈ ਪ੍ਰਭਾਵ ਪਵੇ।

ਕਹਿੰਦਾ; ਜੇ ਮੈਂ ਪ੍ਰੋਫੈਸਰ ਹੋਇਆ ਤਾਂ ਤੂੰ ਹੋਰ ਤਰਾਂ ਵਿਹਾਰ ਕਰਨਾ ਤੇ ਜੇ ਪੁਲਿਸ ਵਾਲਾ ਹੋਇਆ ਤਾਂ ਹੋਰ ਤਰਾਂ। ਜੇ ਸਿਆਸਤਦਾਨ ਹੋਇਆ ਤਾਂ ਹੋਰ ਤਰਾਂ ਤੇ ਜੇ ਅਮੀਰ ਹੋਇਆ ਤਾਂ ਹੋਰ ਤਰਾਂ। ਤੇਰੇ ਤੋਂ ਗਰੀਬ ਹੋਇਆ ਫਿਰ ਗੱਲਬਾਤ ਹੋਰ ਤਰਾਂ ਹੋਣੀ। .........ਦਫ਼ਾ ਕਰ, ਆਪਾਂ ਇੱਦਾਂ ਹੀ ਗੱਲਾਂ ਕਰਦੇ ਆਂ, ਕਿੰਨਾ ਨਜ਼ਾਰਾ ਆ ਰਿਹਾ।

ਮੇਰਾ ਦੋਸਤ ਕਹਿੰਦਾ ਮੈਂ ਹੈਰਾਨ ਹੋ ਗਿਆ ਕਿ ਉਹ ਕਿੱਡੀ ਵੱਡੀ ਗੱਲ ਮੈਨੂੰ ਸਰਲ ਤਰੀਕੇ ਨਾਲ ਸਮਝਾ ਗਿਆ, ਜਿਸ ਨੇ ਮੇਰਾ ਹੋਰ ਲੋਕਾਂ ਪ੍ਰਤੀ ਨਜ਼ਰੀਆ ਹੀ ਬਦਲ ਦਿੱਤਾ। ਅਸੀਂ ਅਕਸਰ ਬੰਦੇ ਦੇ ਅਹੁਦੇ ਤੇ ਰੁਤਬੇ ਮੁਤਾਬਿਕ ਗੱਲ ਕਰਦੇ ਹਾਂ ਜਦਕਿ ਇਹ ਗਲਤ ਪਿਰਤ ਹੈ। ਗੱਲ ਬਣਾ ਕੇ ਕਰਨੀ ਪੈਂਦੀ ਫਿਰ।

…….✍🏻

15/05/2022

ਇੱਕ ਰਾਤ ਦੀ ਕੀਮਤ

ਇੱਕ ਨੌਜਵਾਨ ਮੁੰਡਾ ਲਾਇਬਰੇਰੀ ਵਿੱਚ ਇੱਕ ਕੁੜੀ ਕੋਲ ਗਿਆ ਤੇ ਪੁੱਛਿਆ, " ਕ਼ੀ ਮੈਂ ਤੁਹਾਡੇ ਕੋਲ ਬੈਠ ਸਕਦਾਂ ਹਾਂ ?"
ਕੁੜੀ ਨੇ ਉੱਚੀ ਅਵਾਜ਼ ਵਿੱਚ ਗੁੱਸੇ ਨਾਲ ਕਿਹਾ , "ਮਾਫ਼ ਕਰਨਾ ਤੇਰੇ ਨਾਲ ਰਾਤ ਕੱਟਣ ਵਿੱਚ ਮੈਨੂੰ ਭੋਰਾ ਵੀ ਦਿਲਚਸਪੀ ਨਹੀਂ ਹੈ।"
ਲਾਇਬਰੇਰੀ ਵਿੱਚ ਬੈਠੇ ਸਾਰੇ ਲੋਕ ਮੁੰਡੇ ਵੱਲ ਝਾਕਣ ਲੱਗੇ , ਤੇ ਉਹ ਵਿਚਾਰ ਸ਼ਰਮਿੰਦਾ ਹੋ ਗਿਆ। ਤੇ ਹੋਰ ਸੀਟ ਉੱਤੇ ਜਾ ਕੇ ਬੈਠ ਗਿਆ।
ਕੁਝ ਮਿੰਟ ਮਗਰੋਂ ਕੁੜੀ ਹੌਲੀ ਜਹੇ ਉਸ ਮੁੰਡੇ ਦੀ ਮੇਜ਼ ਤੇ ਗਈ ਤੇ ਉਸਨੂੰ ਕਿਹਾ।
ਮੈਂ ਸਾਇਕਲੋਜੀ ਪੜ੍ਹਦੀ ਹਾਂ ਤੇ ਮੈਂ ਸਮਝ ਸਕਦੀਂ ਹਾਂ ਕਿ ਕੋਈ ਇਨਸਾਨ ਕ਼ੀ ਸੋਚ ਰਿਹਾ ਹੈ। ਮੈਨੂੰ ਲਗਦਾ ਤੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੋਵੇਗੀ ?
ਮੁੰਡਾ ਉੱਚੀ ਆਵਾਜ਼ ਵਿੱਚ ਬੋਲਿਆਵ,"10,000 ਰੁਪਏ ਇੱਕ ਰਾਤ ਦੇ ਇਹ ਤਾਂ ਬਹੁਤ ਜ਼ਿਆਦਾ ਹਨ।" ਲਾਇਬਰੇਰੀ ਵਿਚ ਸਾਰੇ ਲੋਕ ਹੈਰਾਨ ਹੋਕੇ ਕੁੜੀ ਵੱਲ ਦੇਖਣ ਲੱਗੇ।
ਮੁੰਡੇ ਨੇ ਹੌਲੀ ਜਿਹੇ ਕੁੜੀ ਦੇ ਕੰਨ ਵਿੱਚ ਕਿਹਾ, " ਮੈਂ ਵੀ ਲਾਅ ਪੜ੍ਹਦਾ ਹਾਂ, ਮੈਨੂੰ ਵੀ ਪਤਾ ਹੈ ਕਿਸੇ ਨੂੰ ਮੁਜ਼ਰਿਮ ਕਿਵੇਂ ਬਣਾਉਣਾ ਹੈ ।"

ਅਰਥਾਤ : ਦੁਨੀਆਂ ਵਿੱਚ ਬਹੁਤੇ ਕਲੇਸ਼ਾਂ ਦਾ ਕਾਰਨ ਇਹ ਹੈ ਕਿ ਲੋਕ ਸਿੱਖਿਆ ਦੀ ਵਰਤੋ ਕਿਸੇ ਨੂੰ ਨੀਚਾ ਦਿਖਾਉਣ ਜਾਂ ਬਦਲਾ ਲੈਣ ਲਈ ਕਰਦੇ ਹਨ ਨਾ ਕਿ ਚੰਗੀ ਵਰਤੋਂ ਕਰਕੇ ਸੁਧਾਰਨ ਲਈ.…..✍🏻

01/05/2022

Address

Sydney, NSW

Website

Alerts

Be the first to know and let us send you an email when Dil Diyaan Gallan posts news and promotions. Your email address will not be used for any other purpose, and you can unsubscribe at any time.

Share


Other Performance & Event Venues in Sydney

Show All

You may also like