23/05/2021
ਅਸੀਂ ਜਮਾਂਦਰੂ ਬੜੇ ਨਿਰਛਲ ਤੇ ਕਪਟ ਰਹਿਤ ਹੁੰਦੇ ਹਾਂ । ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੁੰਦਾ । ਸਾਰੇ ਵਿੰਗ ਵੱਟ ਵਾਤਾਵਰਣ ਦਿੰਦਾ ਹੈ । ਪੈਰ ਪੈਰ 'ਤੇ ਖ਼ੁਦ ਨੂੰ ਵੱਡਾ ਪੇਸ਼ ਕਰਨ ਦਾ ਮੁਕਾਬਲਾ ਹੈ, ਥਾਂ-ਥਾਂ 'ਤੇ ਵਖਰੇਵੇਂ ਹਨ। ਕੁਝ ਮਿਹਨਤ ਕਰਕੇ ਪੇਟ ਪਾਲਦੇ ਹਨ ਤੇ ਕਈ ਵਿਰਸੇ 'ਚ ਮਿਲੀਆਂ ਜ਼ਮੀਨਾਂ ਤੇ ਮਹਿੰਗੀਆਂ ਜਾਇਦਾਦਾਂ ਨੂੰ ਵੇਚ ਕੇ ਸਮਾਜ ਵਿੱਚ ਉੱਚਾ ਰੁਤਬਾ ਰੱਖਦੇ ਹਨ । ਮਨੁੱਖ ਸਮਾਜਿਕ ਜੀਵ ਹੈ ਤੇ ਰਿਸ਼ਤਿਆਂ ਦੇ ਮੱਕੜ ਜਾਲ ਵਿੱਚ ਫਸਿਆ ਹੋਇਆ ਹੈ , ਇਸ ਸਫ਼ਰ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਹਨ ਨਰਮ ਦਿਲ, ਢੀਠ ਘਟੋਲ, ਕੰਮਚੋਰ ਤੇ ਹੱਡ 'ਤੇ ਗੱਲ ਮਾਰਨ ਵਾਲੇ । ਗੁਆਂਢੀ ਹੋਣ ਦਾ ਮਤਲਬ ਕੰਧ ਸਾਂਝੀ ਹੋਣਾ ਨਹੀਂ ਹੁੰਦਾ ਸਗੋਂ ਇੱਕ ਦੂਜੇ ਦੀਆਂ ਭਾਵਨਾਵਾਂ ਤੇ ਸੰਵੇਦਨਾਵਾਂ ਦੀ ਇੱਜ਼ਤ ਕਰਨਾ ਵੀ ਹੁੰਦਾ ਹੈ । ਪਰ ਅਕਸਰ ਅਸੀਂ ਆਪਣੇ ਨੇੜਲੇ ਸਰਕਲ ਚੋਂ ਆਪਣੇ ਮਾਨਸਿਕ ਪੱਧਰ ਦੇ ਲੋਕ ਲੱਭਣ ਵਿੱਚ ਅਸਫ਼ਲ ਹੋ ਜਾਂਦੇ ਹਾਂ ਤਾਂ ਹੀ ਸਾਡੇ ਬੱਚੇ ਵਿਦੇਸ਼ ਜਾ ਰਹੇ ਹਨ ਜਿੱਥੇ ਰੋਜ਼ੀ ਰੋਟੀ ਕਮਾਉਣੀ ਬਹੁਤੀ ਸੌਖੀ ਨਹੀਂ , ਪੈਰ ਪੈਰ ਉੱਤੇ ਜਲਾਲਤ ਹੈ , ਮਾਲਕ ਤੇ ਮਜ਼ਦੂਰ ਦਾ ਫ਼ਰਕ ਹੈ । ਸਾਹਮਣੇ ਵਾਲੇ ਨੂੰ ਉਸ ਦੇ ਮਾਨਸਿਕ ਪੱਧਰ ਅਨੁਸਾਰ ਸਤਿਕਾਰ ਦੇਣਾ ਤੇ ਲੈਣਾ ਸਿੱਖੀਏ । ਕਈ ਵਾਰੀ ਕਾਰ ਸੇਵਾ ਸਰੋਵਰਾਂ ਚ ਗਾਰ ਕੱਢਣ ਦੀ ਨਹੀਂ ਹੁੰਦੀ ਸਗੋਂ ਆਪਣੇ ਮੱਥਿਆਂ ਨੂੰ ਸਾਫ ਕਰਨ ਦੀ ਵੀ ਹੁੰਦੀ ਹੈ । ਜ਼ਿੰਦਗੀ ਮੁਕਾਬਲਾ ਜਾਂ ਰੇਸ ਨਹੀਂ ਸਗੋਂ ਇੱਕ ਸੁਹਾਵਣਾ ਸਫ਼ਰ ਹੈ ਤੁਸੀਂ ਜਿਸ ਨਾਲ ਵੀ ਤੁਰੋਂ ਉਸ ਦੀ ਯਾਤਰਾ ਸੁਖਾਲੀ ਕਰ ਦੇਵੋ ...ਬਲਜਿੰਦਰ ਜੌੜਕੀਆਂ